ਕੋਲਕਾਤਾ, 30 ਅਕਤੂਬਰ
ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਆਰਜੀ ਕਰ ਜਬਰ-ਜਨਾਹ ਤੇ ਕਤਲ ਕੇਸ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਸ਼ਾਮੀਂ ਆਮ ਲੋਕਾਂ ਨਾਲ ਮਿਲ ਕੇ ਇਥੇ ਮਸ਼ਾਲ ਰੈਲੀ ਕੀਤੀ। ਵੈਸਟ ਬੰਗਾਲ ਜੂਨੀਅਰ ਡਾਕਟਰਜ਼ ਫੋਰਮ ਤੇ ਕਈ ਸਿਵਲ ਸੁਸਾਇਟੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਲਟ ਲੇਕ ਵਿਚ ਸੈਕਟਰ 3 ਸਥਿਤ ਪੱਛਮੀ ਬੰਗਾਲ ਮੈਡੀਕਲ ਕੌਂਸਲ ਦੇ ਦਫ਼ਤਰ ਤੋਂ ਸੈਕਟਰ 1 ਵਿਚ ਸੀਜੀਓ ਕੰਪਲੈਕਸ ਵਿਚਲੇ ਸੀਬੀਆਈ ਦਫ਼ਤਰ ਤੱਕ ਰੈਲੀ ਕੀਤੀ। ਰੈਲੀ ਵਿਚ ਸ਼ਾਮਲ ਡਾਕਟਰਾਂ ਨੇ ‘ਅਸੀਂ ਇਨਸਾਫ਼ ਚਾਹੁੰਦੇ ਹਾਂ’ ਦੇ ਨਾਅਰੇ ਲਾਉਂਦਿਆਂ ਮੰਗ ਕੀਤੀ ਕਿ ਸੀਬੀਆਈ ਇਸ ਮਾਮਲੇ ਦੀ ਸੁਣਵਾਈ ਜਲਦੀ ਮੁਕੰਮਲ ਕਰੇ।
ਇਕ ਅੰਦੋਲਨਕਾਰੀ ਡਾਕਟਰ ਨੇ ਕਿਹਾ, ‘‘ਇਸ ਘਟਨਾ ਨੂੰ ਤਿੰਨ ਮਹੀਨੇ ਹੋ ਗਏ ਹਨ। ਸੀਬੀਆਈ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਜਾਂਚ ਜਲਦੀ ਪੂਰੀ ਕਰਨ।’’ ਕਾਬਿਲੇਗੌਰ ਹੈ ਕਿ 9 ਅਗਸਤ ਨੂੰ ਆਰਜੀ ਕਰ ਹਸਪਤਾਲ ਦੇ ਸੈਮੀਨਾਰ ਹਾਲ ਵਿਚੋਂ ਡਿਊਟੀ ਉੱਤੇ ਮੌਜੂਦ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਜੂਨੀਅਰ ਡਾਕਟਰਾਂ ਨੇ ਆਪਣੀ ਮਹਿਲਾ ਸਾਥੀ ਲਈ ਇਨਸਾਫ਼ ਤੇ ਸਰਕਾਰੀ ਹਸਪਤਾਲਾਂ ਵਿਚ ਮੈਡੀਕਲ ਸਟਾਫ਼ ਲਈ ਮਜ਼ਬੂਤ ਸੁਰੱਖਿਆ ਪ੍ਰਬੰਧ ਦੀ ਮੰਗ ਕਰਦਿਆਂ ਪੂਰੇ ਪੱਛਮੀ ਬੰਗਾਲ ਵਿਚ ‘ਕੰਮ ਠੱਪ’ ਕਰ ਦਿੱਤਾ ਸੀ। -ਪੀਟੀਆਈ