ਕੋਲਕਾਤਾ, 3 ਫਰਵਰੀ
ਵੱਖ-ਵੱਖ ਸਮਾਜ ਭਲਾਈ ਸਕੀਮਾਂ ਲਈ ਕੇਂਦਰ ਤੋਂ ਪੱਛਮੀ ਬੰਗਾਲ ਦੇ ਬਕਾਏ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪ੍ਰਦਰਸ਼ਨ ਠੰਢ ਦੇ ਬਾਵਜੂਦ ਸਾਰੀ ਰਾਤ ਜਾਰੀ ਰਿਹਾ। ਬੈਨਰਜੀ ਨੇ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਨੇਤਾਵਾਂ ਦੇ ਨਾਲ ਸ਼ੁੱਕਰਵਾਰ ਦੁਪਹਿਰ ਨੂੰ ਕੋਲਕਾਤਾ ਦੇ ਮੈਦਾਨ ਖੇਤਰ ‘ਚ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨੇਤਾਵਾਂ ਨੇ ਅੱਜ ਸਵੇਰੇ ਦੱਸਿਆ ਕਿ ਬੈਨਰਜੀ ਦੇ ਨਾਲ ਮੰਤਰੀ ਫ਼ਰਹਾਦ ਹਕੀਮ ਅਤੇ ਅਰੂਪ ਬਿਸਵਾਸ ਸਮੇਤ ਕਈ ਨੇਤਾ ਰਾਤ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਰੁਕੇ ਸਨ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਰਾਜ ਦੀਆਂ ਮਨਰੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਵੱਖ-ਵੱਖ ਭਲਾਈ ਸਕੀਮਾਂ ਲਈ ਹਜ਼ਾਰਾਂ ਕਰੋੜ ਰੁਪਏ ਦੀ ਦੇਣਦਾਰ ਹੈ। ਇਹ ਧਰਨਾ ਐਤਵਾਰ ਤੱਕ ਜਾਰੀ ਰਹੇਗਾ।