ਆਵਾਜ਼ ਦੇ ਨਮੂਨਿਆਂ ਦੀ ਜਾਂਚ ਲਈ ਦਿੱਲੀ ਦੀ ਲੈਬਾਰਟਰੀ ਵਿੱਚ ਹੋਣਾ ਸੀ ਪੇਸ਼
ਜਸਵੰਤ ਜੱਸ
ਫਰੀਦਕੋਟ, 6 ਸਤੰਬਰ
ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਪੁਲੀਸ ਅਧਿਕਾਰੀ ਚਰਨਜੀਤ ਸ਼ਰਮਾ ਆਪਣੀ ਆਵਾਜ਼ ਦੇ ਨਮੂਨੇ ਦੇਣ ਲਈ ਫੋਰੈਂਸਿਕ ਲੈਬਾਰਟਰੀ ਦਿੱਲੀ ਵਿੱਚ ਨਹੀਂ ਪਹੁੰਚੇ। ਵਿਸ਼ੇਸ਼ ਜਾਂਚ ਟੀਮ ਨੇ ਇਨ੍ਹਾਂ ਤਿੰਨੋਂ ਪੁਲੀਸ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਸੀ ਕਿ ਜਾਂਚ ਟੀਮ ਪੁਲੀਸ ਅਧਿਕਾਰੀਆਂ ਦੀ ਮੋਬਾਈਲ ਕਾਲ ਰਿਕਾਰਡਿੰਗ ਦਾ ਮਿਲਾਨ ਉਨ੍ਹਾਂ ਦੀ ਆਵਾਜ਼ ਨਾਲ ਕਰਨਾ ਚਾਹੁੰਦੀ ਹੈ, ਇਸ ਲਈ ਉਹ 6 ਸਤੰਬਰ ਨੂੰ ਫੋਰੈਂਸਿਕ ਲੈਬਾਰਟਰੀ ਨਵੀਂ ਦਿੱਲੀ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਹੋਣ ਪਰ ਅੱਜ ਪੁਲੀਸ ਅਧਿਕਾਰੀਆਂ ਦੀ ਗੈਰਹਾਜ਼ਰੀ ਕਾਰਨ ਅਵਾਜ਼ ਦੀ ਜਾਂਚ ਨਹੀਂ ਹੋ ਸਕੀ।
ਸੂਤਰਾਂ ਅਨੁਸਾਰ 13 ਅਤੇ 14 ਅਕਤੂਬਰ 2015 ਦੀ ਰਾਤ ਨੂੰ ਮੌਕੇ ’ਤੇ ਮੌਜੂਦ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਉਸ ਵੇਲੇ ਦੇ ਮੁੱਖ ਮੰਤਰੀ, ਡੀਜੀਪੀ ਅਤੇ ਕੁਝ ਹੋਰ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ। ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਜਾਂਚ ਟੀਮ ਨੂੰ ਕੁਝ ਪੁਲੀਸ ਅਧਿਕਾਰੀਆਂ ਦੀ ਗੱਲਬਾਤ ਦੀ ਰਿਕਾਰਡਿੰਗ ਮਿਲੀ ਹੈ ਜਿਸ ਦੀ ਹੁਣ ਫੋਰੈਂਸਿਕ ਲੈਬ ਵਿੱਚ ਪੜਤਾਲ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਜਾਂਚ ਟੀਮ ਨੇ ਇਨ੍ਹਾਂ ਪੁਲੀਸ ਅਧਿਕਾਰੀਆਂ ਦਾ ਨਾਰਕੋ ਅਤੇ ਲਾਈਡਿਟੈਕਟ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਪਰ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਆਪਣਾ ਨਾਰਕੋ ਅਤੇ ਲਾਈਡਿਟੈਕਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਆਪਣੇ ਟੈਸਟ ਕਰਵਾਉਣ ਲਈ ਹਾਮੀ ਭਰੀ ਪਰ ਇਹ ਦੋਵੇਂ ਟੈਸਟ ਵੀ ਅਜੇ ਤੱਕ ਨਹੀ ਹੋ ਸਕੇ। ਇਸੇ ਦਰਮਿਆਨ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਵੀ 17 ਸਤੰਬਰ ਤੱਕ ਟਲ਼ ਗਈ ਹੈ। ਵਧੀਕ ਸ਼ੈਸ਼ਨ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਚੱਲਦੇ ਇਸ ਮੁਕੱਦਮੇ ਵਿੱਚ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਹਾਜ਼ਰ ਨਹੀਂ ਹੋਏ। ਅਦਾਲਤ ਇਸ ਮਾਮਲੇ ਵਿੱਚ ਅਗਲੀ ਸੁਣਵਾਈ 17 ਸਤੰਬਰ ਨੂੰ ਕਰੇਗੀ।
ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ।