ਨਵੀਂ ਦਿੱਲੀ, 29 ਜੂਨ
ਦਿੱਲੀ ਦੀ ਅਦਾਲਤ ਨੇ ਦਹਿਸ਼ਤਗਰਦਾਂ ਨੂੰ ਕਥਿਤ ਵਿੱਤ ਮੁਹੱਈਆ ਕਰਵਾਉਣ ਦੇ ਦੋ ਵੱਖੋ ਵੱਖਰੇ ਕੇਸਾਂ ਵਿੱਚ ਗ੍ਰਿਫ਼ਤਾਰ ਕਸ਼ਮੀਰੀ ਵੱਖਵਾਦੀ ਆਗੂ ਸ਼ਬੀਰ ਸ਼ਾਹ ਵੱਲੋਂ ਦਾਇਰ ਅਪੀਲ ’ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ। ਤਿਹਾੜ ਕੇਂਦਰੀ ਜੇਲ੍ਹ ਵਿੱਚ ਬੰਦ ਸ਼ਾਹ ਨੇ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵੱਖਰੀ ਕੋਠੜੀ ਵਿੱਚ ਰੱਖੇ ਜਾਣ ਦੀ ਮੰਗ ਕੀਤੀ ਹੈ। ਵਿਸ਼ੇਸ਼ ਜੱਜ ਧਰਮਿੰਦਰ ਰਾਣਾ ਨੇ ਜੇਲ੍ਹ ਸੁਪਰਡੈਂਟ ਨੂੰ ਨੋਟਿਸ ਜਾਰੀ ਕਰਦਿਆਂ 1 ਜੁਲਾਈ ਤਕ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ। ਸ਼ਾਹ ਨੇ ਆਪਣੀ ਵਕੀਲ ਕੌਸਰ ਖ਼ਾਨ ਰਾਹੀਂ ਦਾਖ਼ਲ ਅਪੀਲ ਵਿੱਚ ਦਾਅਵਾ ਕੀਤਾ ਸੀ ਕਿ ਉਹ ਦਿਲ ਦੇ ਮਰਜ਼ ਸਮੇਤ ਹੋਰ ਕਈ ਸਰੀਰਕ ਵਿਗਾੜਾਂ ਨਾਲ ਜੂਝ ਰਿਹਾ ਹੈ ਤੇ ਉਹਦੀ ਇਮਿਊਨਿਟੀ ਬਹੁਤ ਘੱਟ ਹੈ, ਜਿਸ ਕਰਕੇ ਉਸ ਨੂੰ ਕੋਵਿਡ-19 ਦੀ ਲਾਗ ਛੇਤੀ ਲੱਗਣ ਦਾ ਖ਼ਤਰਾ ਹੈ। ਕੌਸਰ ਨੇ ਕਿਹਾ ਕਿ ਉਹਦੇ ਮੁਵੱਕਿਲ ਨੂੰ ਜੇਲ੍ਹ ਵਿੱਚ ਉਚਿਤ ਇਲਾਜ ਦੇ ਨਾਲ ਵੱਖਰੀ ਕੋਠੜੀ ਮੁਹੱਈਆ ਕਰਵਾਈ ਜਾਵੇ। -ਪੀਟੀਆਈ