ਨਵੀਂ ਦਿੱਲੀ, 10 ਫਰਵਰੀ
ਸਰਕਾਰ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਵੀਰਵਾਰ ਨੂੰ ਸੋਧੀਆਂ ਹੋਈਆਂ ਕੋਵਿਡ ਹਦਾਇਤਾਂ ਜਾਰੀ ਕੀਤੀਆਂ ਹਨ ਤੇ 7 ਦਿਨਾਂ ਦੇ ਲਾਜ਼ਮੀ ਘਰੇਲੂ ਇਕਾਂਤਵਾਸ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਨ੍ਹਾਂ ਯਾਤਰੀਆਂ ਨੂੰ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਵੀ ਕਰਵਾਉਣਾ ਪੈਂਦਾ ਸੀ ਤੇ ਇਸ ਹਦਾਇਤ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਨਵੀਆਂ ਹਦਾਇਤਾਂ 14 ਫਰਵਰੀ ਤੋਂ ਲਾਗੂ ਹੋਣਗੀਆਂ ਜਿਨ੍ਹਾਂ ਅਨੁਸਾਰ ਭਾਰਤ ਪਹੁੰਚਣ ਵਾਲੀ ਕਿਸੇ ਵੀ ਉਡਾਨ ਦੇ 2 ਫੀਸਦ ਯਾਤਰੀਆਂ ਦਾ ਹਵਾਈ ਅੱਡੇ ’ਤੇ ਹੀ ਕੋਵਿਡ ਟੈਸਟ ਕੀਤਾ ਜਾਵੇਗਾ। ਇਹ ਯਾਤਰੀ ਆਪਣੇ ਸੈਂਪਲ ਹਵਾਈ ਅੱਡੇ ’ਤੇ ਹੀ ਜਮ੍ਹਾਂ ਕਰਵਾ ਕੇ ਹਵਾਈ ਅੱਡੇ ਤੋਂ ਬਾਹਰ ਜਾ ਸਕਣਗੇ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਟਵਿੱਟਰ ’ਤੇ ਸਾਂਝੀ ਕੀਤੀ ਹੈ। ਹੁਣ 7 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਥਾਂ ਸਾਰੇ ਕੌਮਾਂਤਰੀ ਯਾਤਰੀਆਂ ਨੂੰ 14 ਦਿਨਾਂ ਲਈ ਖੁਦ ਹੀ ਆਪਣੀ ਸਿਹਤ ਦਾ ਧਿਆਨ ਰੱਖਣਾ ਪਏਗਾ। ਮੰਤਰੀ ਅਨੁਸਾਰ ਇਨ੍ਹਾਂ ਯਾਤਰੀਆਂ ਨੂੰ ਭਾਰਤ ਪਹੁੰਚਣ ਦੇ 72 ਘੰਟਿਆਂ ਵਿੱਚ ਆਪਣੀ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ ਅਪਲੋਡ ਕਰਨੀ ਹੋਵੇਗੀ ਜਾਂ ਉਹ ਜਿਸ ਦੇਸ਼ ਤੋਂ ਆਏ ਹਨ ਉਥੋਂ ਕਰੋਨਾ ਟੀਕਾਕਰਨ ਦੀ ਪੂਰੀ ਰਿਪੋਰਟ ਦੇਣੀ ਪਏਗੀ। -ਪੀਟੀਆਈ