ਨਵੀਂ ਦਿੱਲੀ, 14 ਅਪਰੈਲ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ 130ਵੇਂ ਜਨਮ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਭਾਰਤੀ ਨਾਗਰਿਕ ਦੇ ਆਚਰਣ ’ਚ ਉਨ੍ਹਾਂ ਵੱਲੋਂ ਦਰਸਾਏ ਆਦਰਸ਼ ਸ਼ਾਮਲ ਕਰਨ ਲਈ ਕਿਹਾ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਟਵੀਟ ਕੀਤਾ,‘ਉਨ੍ਹਾਂ ਵੱਲੋਂ ਪੱਛੜੇ ਵਰਗ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕੀਤਾ ਗਿਆ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਰਹੇਗਾ। ਇਸ ਦੌਰਾਨ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਤੇ ਆਦਰਸ਼ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਮੁੰਬਈ ਦੇ ਮੇਅਰ ਕਿਸ਼ੋਰੀ ਪੇਦਨੇਕਰ ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਡਾ. ਅੰਬੇਡਕਰ ਨੂੰ ਯਾਦ ਕੀਤਾ। ਸ੍ਰੀ ਠਾਕਰੇ ਤੇ ਹੋਰ ਆਗੂ ਕੇਂਦਰੀ ਮੁੰਬਈ ’ਚ ਸਥਿਤ ਡਾ. ਅੰਬੇਡਕਰ ਦੀ ਯਾਦਗਾਰ ‘ਚੈਤਿਆ ਭੂਮੀ’ ਪੁੱਜੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਗਵਰਨਰ ਬਿਸਵਾ ਭੂਸ਼ਣ ਹਰੀਚੰਦਨ ਅਤੇ ਮੁੱਖ ਮੰਤਰੀ ਵਾਈ. ਐੱਸ ਜਗਨ ਮੋਹਨ ਰੈਡੀ ਨੇ ਡਾ. ਅੰਬੇਡਕਰ ਨੂੰ ਯਾਦ ਕੀਤਾ। -ਏਜੰਸੀਆਂ