ਨਵੀਂ ਦਿੱਲੀ, 24 ਜੁਲਾਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਆਉਂਦੀਆਂ ਪੀੜ੍ਹੀਆਂ ਲਈ ਵਾਤਾਵਰਨ ਬਚਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਕੁਦਰਤ ਮਾਤਾ ਡੂੰਘੇ ਦਰਦ ’ਚ ਹੈ ਅਤੇ ਵਾਤਾਵਰਨ ਸੰਕਟ ਪ੍ਰਿਥਵੀ ਦੇ ਭਵਿੱਖ ਨੂੰ ਖ਼ਤਰੇ ’ਚ ਪਾ ਸਕਦਾ ਹੈ। ਕੌਮ ਦੇ ਨਾਮ ਆਪਣੇ ਵਿਦਾਇਗੀ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਦੇਸ਼ 21ਵੀਂ ਸਦੀ ਨੂੰ ‘ਭਾਰਤ ਦੀ ਸਦੀ’ ਬਣਾਉਣ ਲਈ ਤਿਆਰ ਹੋ ਰਿਹਾ ਹੈ।
ਉਨ੍ਹਾਂ ਸਿਹਤ ਸੰਭਾਲ ਅਤੇ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਆਰਥਿਕ ਸੁਧਾਰਾਂ ਦੇ ਨਾਲ ਨਾਲ ਲੋਕਾਂ ਨੂੰ ਉਨ੍ਹਾਂ ਦੀ ਸਮਰੱਥਾ ਦਾ ਅਹਿਸਾਸ ਕਰਵਾ ਕੇ ਹੋਰ ਮਜ਼ਬੂਤ ਬਣਾਉਣਗੇ। ਨਵੀਂ ਚੁਣੀ ਗਈ ਰਾਸ਼ਟਰਪਤੀ ਦਰੋਪਦੀ ਮੁਰਮੂ ਭਲਕੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਸ੍ਰੀ ਕੋਵਿੰਦ ਨੇ ਆਪਣੇ ਆਖਰੀ ਟੀਵੀ ਸੰਬੋਧਨ ’ਚ ਕਿਹਾ,‘‘ਮਹਾਮਾਰੀ ਨੇ ਜਨਤਕ ਸਿਹਤ ਢਾਂਚੇ ’ਚ ਹੋਰ ਸੁਧਾਰ ਦੀ ਲੋੜ ਨੂੰ ਉਜਾਗਰ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਸਰਕਾਰ ਨੇ ਇਸ ਕੰਮ ਨੂੰ ਸਿਖਰਲੀ ਪਹਿਲ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਦਾ ਕੰਮ ਸ਼ੁਰੂ ਹੋ ਜਾਣ ਮਗਰੋਂ ਆਰਥਿਕ ਸੁਧਾਰ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਲਈ ਸਭ ਤੋਂ ਵਧੀਆ ਰਾਹ ਲੱਭਣ ’ਚ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ’ਚ ਸਹਾਈ ਹੋਵੇਗੀ ਅਤੇ ਉਹ 21ਵੀਂ ਸਦੀ ’ਚ ਵੀ ਕਦਮ ਰੱਖ ਸਕਣਗੇ। ਵਾਤਾਵਰਨ ਬਚਾਉਣ ਦੀ ਗੱਲ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਰੁਖ, ਦਰਿਆ, ਸਮੁੰਦਰ ਅਤੇ ਪਹਾੜ ਬਚਾਉਣ ਦਾ ਹੋਕਾ ਦਿੱਤਾ। ਉਨ੍ਹਾਂ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਜਿਹੇ ਆਦਰਸ਼ਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਜਮਹੂਰੀ ਅਦਾਰਿਆਂ ਦੀ ਤਾਕਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸੇ ਤਾਕਤ ਸਦਕਾ ਹੀ ਉਹ ਇਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ’ਤੇ ਪਹੁੰਚੇ ਹਨ। -ਪੀਟੀਆਈ