ਨਵੀਂ ਦਿੱਲੀ, 6 ਅਗਸਤ
ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਭਾਰਤ ਵਿੱਚ ਬਣਾਈ ਜਾ ਰਹੀ ਕਰੋਨਾ ਵੈਕਸੀਨ ਇਸ ਸਾਲ ਅਕਤੂਬਰ ਮਹੀਨੇ ਅਤੇ ਬੱਚਿਆਂ ਲਈ ਸਾਲ 2022 ਦੀ ਪਹਿਲੀ ਤਿਮਾਹੀ ’ਚ ਲਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸੀਰਮ ਇੰਸਟੀਚਿਊਟ ਨੂੰ ਸਰਕਾਰ ਵੱਲੋਂ ਮਦਦ ਮੁਹੱਈਆ ਕਰਵਾਉਣ ’ਤੇ ਧੰਨਵਾਦ ਕਰਦਿਆਂ ਕਿ ਕੰਪਨੀ ਮੰਗ ਮੁਤਾਬਕ ਕੋਵੀਸ਼ੀਲਡ ਦੇ ਵੱਧ ਉਤਪਾਦਨ ਲਈ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।
ਪੂਨਾਵਾਲਾ ਅੱਜ ਸੰਸਦ ’ਚ ਗ੍ਰਹਿ ਮੰੰਤਰੀ ਅਮਿਤ ਸ਼ਾਹ ਨੂੰ ਮਿਲੇ ਅਤੇ ਦੋਵਾਂ ਵਿਚਾਲੇ ਤਕਰੀਬਨ ਅੱਧਾ ਘੰਟਾ ਮੀਟਿੰਗ ਹੋਈ। ਪੂਨਾਵਾਲਾ ਨੇ ਕਿਹਾ, ‘ਸਰਕਾਰ ਸਾਡੀ ਮਦਦ ਕਰ ਰਹੀ ਹੈ ਤੇ ਸਾਨੂੰ ਕੋਈ ਵੀ ਵਿੱਤੀ ਮੁਸ਼ਕਲ ਦਰਪੇਸ਼ ਨਹੀਂ ਹੈ। ਅਸੀਂ ਸਾਰੇ ਸਹਿਯੋਗ ਅਤੇ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ।’ -ਪੀਟੀਆਈ
ਭਾਰਤ ’ਚ ਕਰੋਨਾ ਦੇ 44,643 ਨਵੇਂ ਕੇਸ, 464 ਮੌਤਾਂ
ਨਵੀਂ ਦਿੱਲੀ: ਭਾਰਤ ਵਿੱਚ ਕਰੋਨਾ ਦੇ 44,643 ਨਵੇਂ ਕੇਸ ਮਿਲਣ ਨਾਲ ਕੇਸਾਂ ਦਾ ਕੁੱਲ ਅੰਕੜਾ ਵਧ ਕੇ 3,18,56,757 ਹੋ ਗਿਆ ਹੈ ਜਦਕਿ ਅੱਜ ਲਗਾਤਾਰ ਤੀਜੇ ਦਿਨ ਵੀ ਸਰਗਰਮ ਕੇਸਾਂ ’ਚ ਵਾਧਾ ਦਰਜ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਲਾਗ ਕਾਰਨ 464 ਹੋਰ ਮੌਤਾਂ ਹੋਣ ਨਾਲ ਕਰੋਨਾ ਮ੍ਰਿਤਕਾਂ ਦੀ ਕੁੱਲ ਗਿਣਤੀ 4,26,754 ਹੋ ਗਈ ਹੈ। ਚੌਵੀ ਘੰਟਿਆਂ ਦੇ ਵਕਫ਼ੇ ਦੇ ਆਧਾਰ ’ਤੇ ਲੰਘੇ ਦਿਨ ਦੇ ਮੁਕਾਬਲੇ ਅੱਜ 3,083 ਵੱਧ ਸਰਗਰਮ ਕੇਸ ਦਰਜ ਹੋਏ ਹਨ। ਦੇਸ਼ ’ਚ ਇਸ ਸਮੇਂ ਕੁੱਲ ਕੇਸਾਂ ਦੇ 1.30 ਫ਼ੀਸਦੀ ਸਰਗਰਮ ਕੇਸ ਹਨ ਜਦਕਿ ਕੌਮੀ ਸਿਹਤਯਾਬੀ ਦਰ 97.36 ਫ਼ੀਸਦੀ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ 3,10,15,844 ਮਰੀਜ਼ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ ਜਦਕਿ ਮੌਤ ਦਰ 1.34 ਫ਼ੀਸਦੀ ਬਣੀ ਹੈ। -ਪੀਟੀਆਈ