ਸ੍ਰੀਨਗਰ, 27 ਜੂਨ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅਲ-ਬਦਰ ਦਾ ਦਹਿਸ਼ਤਗਰਦ ਮਾਰਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਵੂਰਾ ਇਲਾਕੇ ਵਿੱਚ ਇਸ ਕਾਰਵਾਈ ਦੌਰਾਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਹਵੂਰਾ ਵਿੱਚ ਅਤਿਵਾਦੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਜਿਵੇਂ ਹੀ ਉਹ ਸ਼ੱਕੀ ਸਥਾਨ ਵੱਲ ਵਧੇ ਤਾਂ ਉਥੇ ਲੁਕੇ ਅਤਿਵਾਦੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਜੰਮੂ ਕਸ਼ਮੀਰ ਪੁਲੀਸ ਦਾ ਮੁਲਾਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਲੁਕੇ ਹੋਏ ਅਤਿਵਾਦੀ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਦਿੱਤਾ ਪਰ ਉਹ ਗੋਲੀਆਂ ਚਲਾਉਂਦਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਵੀ ਜਵਾਬੀ ਗੋਲੀਬਾਰੀ ਕਰਨੀ ਪਈ। ਇਸ ਦੌਰਾਨ ਪਾਬੰਦੀਸ਼ੁਦਾ ਜਥੇਬੰਦੀ ਅਲ-ਬਦਰ ਨਾਲ ਸਬੰਧਤ ਸਥਾਨਕ ਅਤਿਵਾਦੀ ਮਾਰਿਆ ਗਿਆ। ਉਸ ਦੀ ਲਾਸ਼ ਮੌਕੇ ਤੋਂ ਬਰਾਮਦ ਕਰ ਲਈ ਗਈ ਹੈ। ਮਾਰੇ ਗਏ ਅਤਿਵਾਦੀ ਦੀ ਪਛਾਣ ਆਦਿਲ ਮਜੀਦ ਲੋਨ ਵਾਸੀ ਅਕਬਰਾਬਾਦ ਹਵੂਰਾ, ਕੁਲਗਾਮ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਉਸ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਖੁਦ ਨੂੰ ਅਲ-ਬਦਰ ਜਥੇਬੰਦੀ ਨਾਲ ਸਬੰਧਤ ਦੱਸ ਰਿਹਾ ਸੀ। ਉਸ ਨੇ ਆਪਣਾ ਨਾਮ ਆਦਿਲ ਮਜੀਦ ਲੋਨ ਦੱਸਿਆ ਸੀ। ਵੀਡੀਓ ‘ਚ ਉਹ ਪਿਸਤੌਲ ਦਿਖਾਉਂਦੇ ਹੋਏ ਕਹਿੰਦਾ ਹੈ, ”ਮੇਰਾ ਨਾਮ ਆਦਿਲ ਮਜੀਦ ਲੋਨ ਹੈ। ਮੈਂ ਪਿੰਡ ਹਵੂਰਾ ਦਾ ਰਹਿਣ ਵਾਲਾ ਹਾਂ ਤੇ ਅਲ-ਬਦਰ ਜਥੇਬੰਦੀ ਨਾਲ ਸਬੰਧਤ ਹਾਂ।” -ਪੀਟੀਆਈ