ਦੇਹਰਾਦੂਨ, 15 ਅਪਰੈਲ
ਹਰਿਦੁਆਰ ਕੁੰਭ ਮੇਲਾ ਖੇਤਰ ਵਿੱਚ 10 ਤੋਂ 14 ਅਪਰੈਲ ਦੌਰਾਨ 1701 ਵਿਅਕਤੀ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਅੰਕੜਿਆਂ ਮਗਰੋਂ ਵੱਡੇ ਧਾਰਮਿਕ ਇਕੱਠ ਬਾਰੇ ਜਤਾਇਆ ਖੌ਼ਫ਼ ਸੱਚ ਹੋਣ ਲੱਗਾ ਹੈ ਕਿ ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਵਿੱਚ ਕੁੰਭ ਮੇਲਾ ਵੱਡਾ ਯੋਗਦਾਨ ਪਾ ਸਕਦਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਦੀ ਕਰੋਨਾ ਕਰ ਕੇ ਮੌਤ ਹੋ ਗਈ ਹੈ।
ਹਰਿਦੁਆਰ ਦੇ ਚੀਫ਼ ਮੈਡੀਕਲ ਅਧਿਕਾਰੀ ਸ਼ੰਭੂ ਕੁਮਾਰ ਝਾਅ ਨੇ ਕਿਹਾ ਕਿ ਉਪਰੋਕਤ ਅੰਕੜਾ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜੈੱਨ ਟੈਸਟ ਦੀਆਂ ਰਿਪੋਰਟਾਂ ’ਤੇ ਅਧਾਰਿਤ ਹੈ। ਪਿਛਲੇ ਪੰਜ ਦਿਨਾਂ ਦੌਰਾਨ ਹਰਿਦੁਆਰ ਤੋਂ ਦੇਵਪ੍ਰਯਾਗ ਤੱਕ ਫੈਲੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਤੇ ਵੱਖ ਵੱਖ ਅਖਾੜੇ ਦੇ ਸਾਧੂਆਂ ਦੇ ਨਮੂਨੇ ਲਏ ਗਏ ਸਨ। ਝਾਅ ਨੇ ਕਿਹਾ ਕਿ ਅਜੇ ਕੁਝ ਹੋਰ ਆਰਟੀ-ਪੀਸੀਆਰ ਟੈਸਟਾ ਰਿਪੋਰਟਾਂ ਦੀ ਉਡੀਕ ਹੈ ਤੇ ਮੌਜੂਦਾ ਰੁਝਾਨਾਂ ਨੂੰ ਵੇਖਦਿਆਂ ਪਾਜ਼ੇਟਿਵ ਕੇਸਾਂ ਦੀ ਗਿਣਤੀ 2000 ਨੂੰ ਟੱਪ ਸਕਦੀ ਹੈ।-ਪੀਟੀਆਈ