ਸ੍ਰੀਨਗਰ/ਜੰਮੂ, 17 ਅਗਸਤ
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ੋਪੀਆਂ ਵਿੱਚ ਕਸ਼ਮੀਰੀ ਪੰਡਿਤ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰਨ ਵਾਲੇ ਦਹਿਸ਼ਤਗਰਦ ਆਦਿਲ ਵਾਨੀ ਦੇ ਘਰ ਨੂੰ ਕੁਰਕ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਵਾਨੀ ਨੂੰ ਪਨਾਹ ਦੇਣ ਦੇ ਦੋਸ਼ ’ਚ ਉਸ ਦੇ ਪਿਤਾ ਅਤੇ ਤਿੰਨ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਆਦਿਲ ਵਾਨੀ ਪਾਬੰਦੀਸ਼ੁਦਾ ਜਥੇਬੰਦੀ ਅਲ-ਬਦਰ ਨਾਲ ਸਬੰਧਤ ਹੈ।
ਪੁਲੀਸ ਨੇ ਦੱਸਿਆ ਕਿ ਆਦਿਲ ਵਾਨੀ ਮੰਗਲਵਾਰ ਨੂੰ ਸ਼ੋਪੀਆਂ ਵਿੱਚ ਸੇਬਾਂ ਦੇ ਬਾਗ਼ ਵਿੱਚ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰਨ ਮਗਰੋਂ ਕੁਟਪੋਰਾ ਸਥਿਤ ਆਪਣੇ ਘਰ ਵਿੱਚ ਲੁਕ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ, ਪਰ ਵਾਨੀ ਪੁਲੀਸ ਪਾਰਟੀ ’ਤੇ ਗ੍ਰਨੇਡ ਸੁੱਟ ਕੇ ਹਨੇਰੇ ’ਚ ਫ਼ਰਾਰ ਹੋ ਗਿਆ। ਪੁਲੀਸ ਅਧਿਕਾਰੀਆਂ ਮੁਤਾਬਕ ਦੋਵੇਂ ਦਹਿਸ਼ਤਗਰਦ ਪਾਬੰਦੀਸ਼ੁਦਾ ਅਲ-ਬਦਰ ਜਥੇਬੰਦੀ ਨਾਲ ਸਬੰਧਤ ਹਨ। ਉਹ ਮੰਗਲਵਾਰ ਸਵੇਰੇ ਸੇਬ ਦੇ ਬਾਗ਼ ਵਿੱਚ ਆਏ ਤੇੇ ਉਨ੍ਹਾਂ ਉਥੇ ਮੌਜੂਦ ਸਾਰਿਆਂ ਨੂੰ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਪਛਾਣ ਕਰਨ ਮਗਰੋਂ ਉਨ੍ਹਾਂ ਸੁਨੀਲ ਕੁਮਾਰ ਭੱਟ ਤੇ ਉਸ ਦੇ ਰਿਸ਼ਤੇਦਾਰ ਪਿਤਾਂਬਰ ਕੁਮਾਰ ਭੱਟ ਉਰਫ਼ ਪਿੰਟੂ ਕੁਮਾਰ ਨੂੰ ਹੋਰਨਾਂ ਨਾਲੋਂ ਵੱਖ ਕਰਕੇ ਆਪਣੀ ਏਕੇ47 ਰਾਈਫਲਾਂ ਨਾਲ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਚਸ਼ਮਦੀਦਾਂ ਤੇ ਪਿਤਾਂਬਰ ਭੱਟ ਦੇ ਬਿਆਨ ਮੁਤਾਬਕ ਇਕ ਦਹਿਸ਼ਤਗਰਦ ਨੇ ਜਿੱਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਉਥੇ ਦੂਜੇ ਨੇ ਆਪਣੇ ਸਮਾਰਟਫੋਨ ਨਾਲ ਇਸ ਖੌਫਨਾਕ ਘਟਨਾ ਦੀ ਵੀਡੀਓ ਬਣਾਈ।
ਕਾਬਿਲੇਗੌਰ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਜੰਮੂ ਤੇ ਕਸ਼ਮੀਰ ਪੁਲੀਸ ਨੇ ਦਹਿਸ਼ਤੀ ਸਰਗਰਮੀਆਂ ਲਈ ਵਰਤੀਆਂ ਅਚੱਲ ਜਾਇਦਾਦਾਂ ਨੂੰ ਯੂਏਪੀਏ ਦੀ ਧਾਰਾ 2(ਜੀ) ਤੇ 25 ਤਹਿਤ ਕੁਰਕ ਕੀਤੇ ਜਾਣ ਦਾ ਅਮਲ ਸ਼ੁਰੂ ਕੀਤਾ ਸੀ। ਪੁਲੀਸ ਨੇ ਉਦੋਂ ਲੋਕਾਂ ਨੂੰ ਕਿਹਾ ਸੀ ਕਿ ਉਹ ਦਹਿਸ਼ਤਗਰਦਾਂ ਨੂੰ ਨਾ ਤਾਂ ਪਨਾਹ ਦੇਣ ਤੇ ਨਾ ਹੀ ਕਿਸੇ ਤਰ੍ਹਾਂ ਦੀਆਂ ਦਹਿਸ਼ਤੀ ਸਰਗਰਮੀਆਂ ’ਚ ਸ਼ਾਮਲ ਹੋਣ। ਇਸ ਤੋਂ ਪਹਿਲਾਂ ਅੱਜ ਦਿਨੇਂ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਸ਼ੋਪੀਆਂ ਵਿੱਚ ਕਸ਼ਮੀਰੀ ਪੰਡਿਤ ਸੁਨੀਲ ਕੁਮਾਰ ਭੱਟ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦਹਿਸ਼ਤਗਰਦਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। -ਪੀਟੀਆਈ
ਜੰਮੂ ਵਿੱਚ ਘੱਟਗਿਣਤੀ ਭਾਈਚਾਰੇ ਵੱਲੋਂ ਪ੍ਰਦਰਸ਼ਨ
ਵਾਦੀ ਵਿੱਚ ਕੰਮ ਕਰਦੇ ਕਸ਼ਮੀਰੀ ਪੰਡਿਤਾਂ ਨੇ ਸ਼ੋਪੀਆਂ ਵਿੱਚ ਆਪਣੇ ਭਾਈਚਾਰੇ ਦੇ ਮੈਂਬਰ ਦੀ ਹੱਤਿਆ ਦੇ ਰੋਸ ਵਜੋਂ ਜੰਮੂ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰ ਵਿਚਲੇ ਮੁਲਾਜ਼ਮਾਂ ਨੂੰ ਪ੍ਰਧਾਨ ਮੰਤਰੀ ਦੇ ਪੈਕੇਜ ਤਹਿਤ ਜੰਮੂ ਵਿੱਚ ਮੁੜ ਸਥਾਪਤ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ‘ਭਾਰਤ ਮਾਤਾ ਕੀ ਜੈ’ ਤੇ ‘ਕਸ਼ਮੀਰੀ ਪੰਡਿਤਾਂ ਦੀ ਮੁੜ ਸਥਾਪਤੀ ਲਈ ਨਿਆਂ’ ਦੇ ਨਾਅਰੇ ਲਾਏ। ਉਨ੍ਹਾਂ ਹਾਈਵੇਅ ’ਤੇ ਤਵੀ ਪੁਲ ਨੂੰ ਘੰਟਿਆਂਬੱਧੀ ਜਾਮ ਕੀਤਾ। ਉਨ੍ਹਾਂ ਪੁਲ ’ਤੇ ਦੋ ਘੰਟੇ ਧਰਨਾ ਵੀ ਦਿੱਤਾ। ਉਨ੍ਹਾਂ ਨੂੰ ਉਥੋਂ ਹਟਾਉਣ ਤੇ ਹਾਈਵੇਅ ਨੂੰ ਆਵਾਜਾਈ ਲਈ ਖੋਲ੍ਹਣ ਵਾਸਤੇ ਪੁਲੀਸ ਨੂੰ ਖਾਸੀ ਮੁਸ਼ੱਕਤ ਕਰਨੀ ਪਈ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਮੌਕੇ ਮਾਮੂਲੀ ਝੜਪ ਵੀ ਹੋਈ।’’