* ਡੀਐੱਨਏ ਟੈਸਟ ਮਗਰੋਂ ਭਾਰਤ ਭੇਜੀਆਂ ਜਾਣਗੀਆਂ ਦੇਹਾਂ
* ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਹਸਪਤਾਲ ’ਚ ਜ਼ਖ਼ਮੀਆਂ ਨਾਲ ਕੀਤੀ ਮੁਲਾਕਾਤ
* ਕੁਵੈਤ ਸਰਕਾਰ ਨੇ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ
ਦੁਬਈ/ਕੁਵੈਤ ਸਿਟੀ, 13 ਜੂਨ
ਕੁਵੈਤ ਦੀ ਸੱਤ ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਇਨ੍ਹਾਂ ’ਚ 45 ਭਾਰਤੀ ਅਤੇ ਤਿੰਨ ਫਿਲਪੀਨਜ਼ ਦੇ ਨਾਗਰਿਕ ਸ਼ਾਮਲ ਹਨ ਜਦਕਿ ਇਕ ਦੀ ਅਜੇ ਪਛਾਣ ਹੋਣੀ ਬਾਕੀ ਹੈ। ਦੱਖਣੀ ਸ਼ਹਿਰ ਮੰਗਾਫ਼ ਦੀ ਇਸ ਇਮਾਰਤ ’ਚ 196 ਵਿਦੇਸ਼ੀ ਕਾਮੇ ਰਹਿੰਦੇ ਸਨ ਅਤੇ ਬੁੱਧਵਾਰ ਨੂੰ ਅੱਗ ਲੱਗਣ ਕਾਰਨ 49 ਦੀ ਮੌਤ ਹੋ ਗਈ ਸੀ ਅਤੇ 50 ਹੋਰ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਇਸ ਮਾਮਲੇ ’ਚ ਇਕ ਕੁਵੈਤੀ ਨਾਗਰਿਕ ਅਤੇ ਕਈ ਵਿਦੇਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।
ਰੋਜ਼ਾਨਾ ਅਖ਼ਬਾਰ ‘ਅਰਬ ਟਾਈਮਜ਼’ ਨੇ ਉਪ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਸ਼ੇਖ਼ ਫਾਹਦ ਅਲ-ਯੂਸੁਫ ਅਲ-ਸਬਾਹ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਦੇਹ ਦੀ ਸ਼ਨਾਖ਼ਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਧਰ ਨਵੀਂ ਦਿੱਲੀ ’ਚ ਅਧਿਕਾਰੀਆਂ ਨੇ ਕਿਹਾ ਕਿ ਕੁਵੈਤ ਵੱਲੋਂ ਦੇਹਾਂ ਦੇ ਡੀਐੱਨਏ ਟੈਸਟ ਕੀਤੇ ਜਾ ਰਹੇ ਹਨ ਅਤੇ ਅਗਨੀਕਾਂਡ ’ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਵਾਪਸ ਲਿਆਉਣ ਲਈ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਰਾਤ ਕੁਵੈਤ ਲਈ ਰਵਾਨਾ ਹੋਵੇਗਾ। ਉਧਰ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਾਹੀਆ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਹਾਦਸੇ ਦੀ ਢੁੱਕਵੀਂ ਜਾਂਚ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਕੀਰਤੀ ਵਰਧਨ ਸਿੰਘ ਨੇ ਜ਼ਖ਼ਮੀ ਹੋਏ ਕੁਝ ਭਾਰਤੀਆਂ ਨਾਲ ਮੁਬਾਰਕ ਅਲ ਕਬੀਰ ਹਸਪਤਾਲ ’ਚ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪੂਰੀ ਹਮਾਇਤ ਦਾ ਭਰੋਸਾ ਦਿੱਤਾ। ਜ਼ਖ਼ਮੀਆਂ ਨੂੰ ਪੰਜ ਸਰਕਾਰੀ ਹਸਪਤਾਲਾਂ ਅਦਨ, ਜਬੇਰ, ਫਰਵਾਨੀਆ, ਮੁਬਾਰਕ ਅਲ ਕਬੀਰ ਅਤੇ ਜਾਹਰਾ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਕੁਵੈਤ ਦੇ ਕਈ ਇਲਾਕਿਆਂ ’ਚ ਗ਼ੈਰਕਾਨੂੰਨੀ ਸੰਪਤੀਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕੁਵੈਤ ਦੇ ਅਮੀਰ ਸ਼ੇਖ਼ ਮੇਸ਼ਲ ਅਲ-ਅਹਿਮਦ ਅਲ-ਜਬੇਰ ਅਲ-ਸਬਾਹ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਵੰਡਣ ਦੇ ਨਿਰਦੇਸ਼ ਜਾਰੀ ਕੀਤੇ ਹਨ। -ਪੀਟੀਆਈ
ਭਗਵੰਤ ਮਾਨ ਨੇ ਕੁਵੈਤ ਹਾਦਸੇ ’ਤੇ ਦੁੱਖ ਪ੍ਰਗਟਾਇਆ
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਵੈਤ ’ਚ ਬਹੁ-ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ ਕਈ ਭਾਰਤੀਆਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਪੰਜਾਬੀ ਵੀ ਇਸ ਸੰਕਟ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ।
ਕੇਰਲ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਨੂੰ ਦੇਵੇਗੀ 5-5 ਲੱਖ ਰੁਪਏ
ਤਿਰੂਵਨੰਤਪੁਰਮ: ਕੇਰਲ ਸਰਕਾਰ ਨੇ ਕੁਵੈਤ ਅਗਨੀਕਾਂਡ ’ਚ ਮਾਰੇ ਗਏ ਸੂਬੇ ਦੇ ਵਿਅਕਤੀਆਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਅਗਵਾਈ ਹੇਠ ਅੱਜ ਸਵੇਰੇ ਹੋਈ ਕੈਬਨਿਟ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਹੰਗਾਮੀ ਮੀਟਿੰਗ ਦੌਰਾਨ ਕੈਬਨਿਟ ਨੇ ਹਾਦਸੇ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।
ਸੂਬੇ ਦੀ ਸਿਹਤ ਮੰਤਰੀ ਵੀਨਾ ਜੌਰਜ ਨੂੰ ਤੁਰੰਤ ਕੁਵੈਤ ਭੇਜਣ ਦਾ ਵੀ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਉਹ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਅਤੇ ਦੇਹਾਂ ਫੌਰੀ ਕੇਰਲ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਸਕਣ। ਇਕ ਬਿਆਨ ’ਚ ਦੱਸਿਆ ਗਿਆ ਕਿ ਕਾਰੋਬਾਰੀ ਐੱਮਏ ਯੂਸੁਫ਼ ਅਲੀ ਕੇਰਲ ਦੇ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਰਵੀ ਪਿੱਲੈ ਦੋ-ਦੋ ਲੱਖ ਰੁਪਏ ਦੇਣਗੇ। -ਪੀਟੀਆਈ