ਨਵੀਂ ਦਿੱਲੀ, 31 ਜਨਵਰੀ
ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਮਾਮਲੇ ਵਿੱਚ ਗ੍ਰਿਫ਼ਤਾਰ ਛੇ ਵਿੱਚੋਂ ਪੰਜ ਮੁਲਜ਼ਮਾਂ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਵਿਰੋਧੀ ਧਿਰਾਂ ਨਾਲ ਆਪਣੇ ਸਬੰਧ ਕਬੂਲ ਕਰਨ ਲਈ ਦਿੱਲੀ ਪੁਲੀਸ ਵੱਲੋਂ ਉਨ੍ਹਾਂ ’ਤੇ ਕਥਿਤ ਤਸ਼ੱਦਦ ਢਾਹਿਆ ਜਾ ਰਿਹਾ ਹੈ। ਪੰਜ ਮੁਲਜ਼ਮਾਂ ਨੇ ਇਹ ਦਲੀਲ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਸਾਹਮਣੇ ਦਿੱਤੀ। ਜੱਜ ਨੇ ਸਾਰੇ ਛੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਪਹਿਲੀ ਮਾਰਚ ਤੱਕ ਵਧਾ ਦਿੱਤੀ ਹੈ। ਪੰਜ ਮੁਲਜ਼ਮਾਂ ਮਨੋਰੰਜਨ ਡੀ, ਸਾਗਰ ਸ਼ਰਮਾ, ਲਲਿਤ ਝਾਅ, ਅਮੋਲ ਸ਼ਿੰਦੇ ਅਤੇ ਮਹੇਸ਼ ਕੁਮਾਵਤ ਨੇ ਅਦਾਲਤ ਨੂੰ ਦੱਸਿਆ ਕਿ ਲਗਪਗ 70 ਕੋਰੇ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਗਿਆ। ਅਦਾਲਤ ਨੇ ਮਾਮਲੇ ਵਿੱਚ ਪੁਲੀਸ ਤੋਂ ਜਵਾਬ ਮੰਗਿਆ ਹੈ। ਅਗਲੀ ਸੁਣਵਾਈ 17 ਫਰਵਰੀ ’ਤੇ ਪਾਈ ਗਈ ਹੈ। ਇਸ ਮਾਮਲੇ ਦੀ ਛੇਵੀਂ ਮੁਲਜ਼ਮ ਨੀਲਮ ਆਜ਼ਾਦ ਹੈ। -ਪੀਟੀਆਈ