ਨਵੀਂ ਦਿੱਲੀ, 6 ਅਗਸਤ
ਪੰਦਰਾਂ ਮਹੀਨਿਆਂ ਦੇ ਟਕਰਾਅ ਤੋਂ ਬਾਅਦ ਭਾਰਤ ਤੇ ਚੀਨ ਦੀਆਂ ਫ਼ੌਜਾਂ ਨੇ ਪੂਰਬੀ ਲੱਦਾਖ ਦੇ ਵਿਵਾਦਤ ਇਲਾਕੇ ਗੋਗਰਾ ਤੋਂ ਆਪਣੀ ਵਾਧੂ ਫ਼ੌਜ ਨੂੰ ਵਾਪਸ ਸੱਦ ਲਿਆ ਹੈ, ਪਿਛਲੇ ਸਾਲ ਹੋਏ ਹਿੰਸਕ ਟਕਰਾਅ ਤੋਂ ਪਹਿਲਾਂ ਵਰਗੀ ਸਥਿਤੀ ਬਹਾਲ ਕਰ ਦਿੱਤੀ ਗਈ ਹੈ। ਇਲਾਕੇ ’ਚ ਸਥਿਤੀ ਸੁਧਾਰਨ ਲਈ ਚੁੱਕਿਆ ਗਿਆ ਇਹ ਅਹਿਮ ਕਦਮ ਹੈ। ਇਸ ਕਦਮ ਬਾਰੇ ਦੱਸਦਿਆਂ ਭਾਰਤੀ ਫ਼ੌਜ ਨੇ ਕਿਹਾ ਕਿ ਫ਼ੌਜ ਨੂੰ ਸੱਦਣ ਦਾ ਕੰਮ ਚਾਰ ਤੇ 5 ਅਗਸਤ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਸਾਰੇ ਆਰਜ਼ੀ ਢਾਂਚੇ ਤੇ ਹੋਰ ਸਾਜ਼ੋ-ਸਾਮਾਨ ਹਟਾ ਲਿਆ ਗਿਆ ਹੈ। ਚੀਨ ਨੇ ਵੀ ਅਜਿਹਾ ਹੀ ਕੀਤਾ ਹੈ। ਪੈਟਰੋਲਿੰਗ ਪੁਆਇੰਟ-17ਏ ਜਾਂ ਗੋਗਰਾ ਤੋਂ ਫ਼ੌਜ ਨੂੰ ਹਟਾਉਣ ਦਾ ਕੰਮ 12ਵੇਂ ਗੇੜ ਦੀ ਫ਼ੌਜੀ ਵਾਰਤਾ ਤਹਿਤ ਸਿਰੇ ਚਾੜ੍ਹਿਆ ਗਿਆ ਹੈ। ਇਹ ਵਾਰਤਾ 31 ਜੁਲਾਈ ਨੂੰ ਚੁਸ਼ੂਲ-ਮੋਲਡੋ (ਪੂਰਬੀ ਲੱਦਾਖ) ਸਰਹੱਦੀ ਚੌਕੀ ਉਤੇ ਹੋਈ ਸੀ। ਫ਼ੌਜੀ ਕਮਾਂਡਰ ਪੱਧਰ ਦੀ ਵਾਰਤਾ ਵਿਚ ਦੋਵੇਂ ਧਿਰਾਂ ਗੋਗਰਾ ਤੋਂ ਵਾਧੂ ਫ਼ੌਜ ਵਾਪਸ ਸੱਦਣ ਲਈ ਸਹਿਮਤ ਹੋਈਆਂ ਸਨ। ਇਸ ਇਲਾਕੇ ਵਿਚ ਭਾਰਤ ਤੇ ਚੀਨ ਦੀ ਫ਼ੌਜ ਪਿਛਲੇ ਸਾਲ ਮਈ ਤੋਂ ਇਕ-ਦੂਜੇ ਦੇ ਆਹਮੋ-ਸਾਹਮਣੇ ਸੀ। ਸਮਝੌਤੇ ਤਹਿਤ ਦੋਵਾਂ ਧਿਰਾਂ ਨੇ ਪੜਾਅਵਾਰ ਪੁਸ਼ਟੀ ਕਰ ਕੇ ਤਾਲਮੇਲ ਨਾਲ ਫ਼ੌਜ ਘਟਾਉਣੀ ਸੀ। ਭਾਰਤੀ ਫ਼ੌਜ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੀ ਫ਼ੌਜ ਹੁਣ ਆਪਣੇ ਸਥਾਈ ਟਿਕਾਣਿਆਂ ਉਤੇ ਹੀ ਮੌਜੂਦ ਹੈ। ਫ਼ੌਜ ਨੇ ਕਿਹਾ ਕਿ ਦੋਵੇਂ ਧਿਰਾਂ ਹੁਣ ਇਲਾਕੇ ਵਿਚ ਐਲਏਸੀ ਦੀ ਪਾਲਣਾ ਕਰਨਗੀਆਂ ਤੇ ਸਰਹੱਦ ਦੇ ਦਰਜੇ ਵਿਚ ਇਕਪਾਸੜ ਕੋਈ ਬਦਲਾਅ ਨਹੀਂ ਹੋਵੇਗਾ। ਸੂਤਰਾਂ ਮੁਤਾਬਕ ਦੋਵਾਂ ਧਿਰਾਂ ਨੇ ਇਕ ਬਫ਼ਰ ਜ਼ੋਨ ਪੀਪੀ-17 ਬਣਾਇਆ ਹੈ ਤੇ ਉੱਥੇ ਕੋਈ ਗਸ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ 12ਵੇਂ ਗੇੜ ਦੀ ਵਾਰਤਾ ਵਿਚ ਦੋਵੇਂ ਧਿਰਾਂ ਬਕਾਇਆ ਮੁੱਦਿਆਂ ਨੂੰ ਤੇਜ਼ੀ ਨਾਲ ਸੁਲਝਾਉਣ ਲਈ ਸਹਿਮਤ ਹੋਈਆਂ ਸਨ। ਫ਼ੌਜ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸਿੱਧੇ ਟਕਰਾਅ ਦਾ ਕੇਂਦਰ ਬਣੇ ਇਕ ਹੋਰ ਸੰਵੇਦਨਸ਼ੀਲ ਖੇਤਰ ਨੂੰ ਖਾਲੀ ਕਰ ਕੇ ਮਸਲਾ ਹੱਲ ਕਰ ਦਿੱਤਾ ਗਿਆ ਹੈ। ਦੋਵੇਂ ਧਿਰਾਂ ਪੱਛਮੀ ਸੈਕਟਰ ਬਾਰੇ ਵਾਰਤਾ ਨੂੰ ਜਾਰੀ ਰੱਖਣ ਤੇ ਐਲਏਸੀ ਨਾਲ ਜੁੜੇ ਬਾਕੀ ਮੁੱਦੇ ਵੀ ਸੁਲਝਾਉਣ ਲਈ ਵਚਨਬੱਧਤਾ ਜ਼ਾਹਿਰ ਕਰ ਚੁੱਕੀਆਂ ਹਨ। ਦੱਸਣਯੋਗ ਹੈ ਕਿ ਸਰਕਾਰ ਪੂਰਬੀ ਲੱਦਾਖ ਨੂੰ ਪੱਛਮੀ ਸੈਕਟਰ ਕਹਿੰਦੀ ਹੈ। ਭਾਰਤ ਤੇ ਚੀਨ ਨੇ ਪਿਛਲੇ ਸਾਲ ਵੀ ਅੰਸ਼ਕ ਤੌਰ ’ਤੇ ਫ਼ੌਜਾਂ ਕੱਢੀਆਂ ਸਨ ਪਰ ਪੈਂਗੌਂਗ ਖੇਤਰ ਵਿਚ ਮੁੜ ਤਣਾਅ ਬਣਨ ’ਤੇ ਇਹ ਪ੍ਰਕਿਰਿਆ ਵਿਚਾਲੇ ਹੀ ਰਹਿ ਗਈ ਸੀ। ਫ਼ੌਜ ਦਾ ਧਿਆਨ ਹੁਣ ਹੌਟ ਸਪਰਿੰਗਜ਼, ਦੇਪਸਾਂਗ ਤੇ ਡੇਮਚੋਕ ਖੇਤਰਾਂ ਵਿਚ ਫ਼ੌਜਾਂ ਵਾਪਸ ਸੱਦਣ ਦਾ ਕੰਮ ਪੂਰੀ ਤਰ੍ਹਾਂ ਨੇਪਰੇ ਚਾੜ੍ਹਨ ਉਤੇ ਹੈ। -ਪੀਟੀਆਈ