ਨਵੀਂ ਦਿੱਲੀ, 15 ਨਵੰਬਰ
ਯੂਪੀ ਸਰਕਾਰ ਨੇ ਲਖੀਮਪੁਰ ਘਟਨਾ ਦੀ ਜਾਂਚ ਲਈ ਸੁਪਰੀਮ ਕੋਰਟ ਵੱੱਲੋਂ ਦਿੱਤੇ ਸੁਝਾਅ ’ਤੇ ਗੌਰ ਕਰਦਿਆਂ ਸੂਬੇ ਦੀ ਸਿਟ (ਵਿਸ਼ੇਸ਼ ਜਾਂਚ ਕਮੇਟੀ) ਵੱਲੋਂ ਰੋਜ਼ਾਨਾ ਜਾਰੀ ਕੇਸ ਦੀ ਜਾਂਚ ਦੀ ਨਿਗਰਾਨੀ ਕਿਸੇ ਸਾਬਕਾ ਜੱਜ ਵੱਲੋਂ ਕਰਵਾਉਣ ਲਈ ਹਾਮੀ ਭਰ ਦਿੱਤੀ ਹੈ। ਇਸੇ ਦੌਰਾਨ ਸਰਬੳੱਚ ਅਦਾਲਤ ਨੇ ਵਿਸ਼ੇਸ਼ ਜਾਂਚ ਕਮੇਟੀ ਵਿੱਚ ਆਈਪੀਐੱਸ ਅਧਿਕਾਰੀਆਂ ਨੂੰ ਸ਼ਾਮਲ ਕਰਨ ਲਈ ਉਨ੍ਹਾਂ ਦੇ ਨਾਮ ਮੰਗਲਵਾਰ ਤੱਕ ਮੰਗੇ ਹਨ। ਇਹ ਅਧਿਕਾਰੀ ਯੂਪੀ ਕੇਡਰ ਦੇ ਹੋਣ ਪਰ ਉਹ ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਨਾ ਹੋਣ। ਘਟਨਾ ਦੀ ਜਾਂਚ ਦੀ ਨਿਗਰਾਨੀ ਲਈ ਨਿਆਂਇਕ ਅਧਿਕਾਰੀ ਦਾ ਨਾਂ ਐਲਾਨਣ ਲਈ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਕੇਸ ਦੀ ਨਿਗਰਾਨੀ ਲਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸਾਬਕਾ ਜੱਜਾਂ ਦੇ ਨਾਵਾਂ ’ਤੇ ਵੀ ਵਿਚਾਰ ਕਰ ਸਕਦੀ ਹੈ। ਇਸੇ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਲਖੀਮਪੁਰ ਘਟਨਾ ਦੀ ਜਾਂਚ ਲਈ ਨਿਆਂਇਕ ਅਧਿਕਾਰੀ ਕਿਸੇ ਵੀ ਸੂਬੇ ਦਾ ਹੋਵੇ, ਇਸ ਗੱਲ ਨੂੰ ਮੁੱਦਾ ਨਾ ਬਣਾਇਆ ਜਾਵੇ। -ਪੀਟੀਆਈ