ਲਖੀਮਪੁਰ ਖੀਰੀ, 23 ਅਗਸਤ
ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ, ਜਿਸ ਨੂੰ ਲਖੀਮਪੁਰ ਖੀਰੀ ਹਿੰਸਾ ਵਿੱਚ ਆਪਣੇ ਬੇਟੇ ਦੀ ਕਥਿਤ ਸ਼ਮੂਲੀਅਤ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ‘ ਦੋ ਕੌਡੀ ਦਾ ਬੰਦਾ’ ਕਰਾਰ ਦਿੱਤਾ ਹੈ। ਆਪਣੇ ਸਮਰਥਕਾਂ ਨੂੰ ਦਿੱਤੇ ਭਾਸ਼ਨ ਦੀ ਵੀਡੀਓ ਵਾਇਰਲ ਵਿੱਚ ਮਿਸ਼ਰਾ ਨੇ ਆਪਣੇ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਮਿਸ਼ਰਾ ਨੇ ਕਿਹਾ,‘ਫਰਜ਼ ਕਰੋ ਮੈਂ ਤੇਜ਼ ਰਫ਼ਤਾਰ ਕਾਰ ਵਿੱਚ ਲਖਨਊ ਜਾ ਰਿਹਾ ਹਾਂ। ਕੁੱਤੇ ਸੜਕ ‘ਤੇ ਭੌਂਕਦੇ ਹਨ ਜਾਂ ਕਾਰ ਦਾ ਪਿੱਛਾ ਕਰਦੇ ਹਨ। ਇਹ ਉਨ੍ਹਾਂ ਦਾ ਸੁਭਾਅ ਹੈ। ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ ਕਿਉਂਕਿ ਸਾਡਾ ਇਹ ਸੁਭਾਅ ਨਹੀਂ ਹੈ। ਜਦੋਂ ਗੱਲ ਸਾਹਮਣੇ ਆਵੇਗੀ ਤਾਂ ਮੈਂ ਸਾਰਿਆਂ ਨੂੰ ਜਵਾਬ ਦਿਆਂਗਾ। ਮੈਨੂੰ ਤੁਹਾਡੇ ਸਮਰਥਨ ਕਾਰਨ ਭਰੋਸਾ ਹੈ।’ ਲੋਕ ਸਵਾਲ ਉਠਾਉਂਦੇ ਰਹਿੰਦੇ ਹਨ।
ਮੰਤਰੀ ਨੇ ਕਿਹਾ,‘ਲੋਕ ਸਵਾਲ ਉਠਾਉਂਦੇ ਰਹਿੰਦੇ ਹਨ। ਬੇਵਕੂਫ਼ ਪੱਤਰਕਾਰ ਵੀ ਹਨ, ਜਿਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਅਜਿਹੀਆਂ ਬੇਬੁਨਿਆਦ ਗੱਲਾਂ ਨਾਲ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਹਨ। ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ‘ ਦੋ ਕੌਡੀ ਦਾ ਬੰਦਾ ਹੈ। ਉਹ ਦੋ ਵਾਰ ਚੋਣ ਲੜਿਆ ਅਤੇ ਜ਼ਮਾਨਤ ਜ਼ਬਤ ਕਰਵਾ ਕੇ ਗਿਆ। ਜੇਕਰ ਇਸ ਤਰ੍ਹਾਂ ਦਾ ਆਦਮੀ ਕਿਸੇ ਦਾ ਵਿਰੋਧ ਕਰਦਾ ਹੈ, ਜਿਸ ਦੀ ਕੋਈ ਵੁੱਕਤ ਨਹੀਂ, ਮੈਂ ਉਸ ਦੀ ਗੱਲ ਦਾ ਜੁਆਬ ਵੀ ਨਹੀਂ ਦਿੰਦਾ।’