ਲਖੀਮਪੁਰ ਖੀਰੀ, 10 ਅਕਤੂਬਰ
ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਲੰਘੀ ਦੇਰ ਰਾਤ ਇੱਥੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਤਿੰਨ ਅਕਤੂਬਰ ਦੀ ਲਖੀਮਪੁਰ ਖੀਰੀ ਦੀ ਘਟਨਾ ਦੇ ਸਬੰਧ ’ਚ 14 ਦਿਨ ਲਈ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਸੀਨੀਅਰ ਅਧਿਕਾਰੀ ਐੱਸਪੀ ਯਾਦਵ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ’ਚ ਸਿੱਟ ਨੇ ਆਸ਼ੀਸ਼ ਮਿਸ਼ਰਾ ਤੋਂ 12 ਘੰਟੇ ਪੁੱਛ ਪੜਤਾਲ ਤੋਂ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਸਿਹਤ ਮਾਹਿਰਾਂ ਦੀ ਟੀਮ ਨੇ ਆਸ਼ੀਸ਼ ਦਾ ਡਾਕਟਰੀ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਆਸ਼ੀਸ਼ ਮਿਸ਼ਰਾ ਦੇ ਪੁਲੀਸ ਰਿਮਾਂਡ ਸਬੰਧੀ ਅਰਜ਼ੀ ਜੁਡੀਸ਼ਲ ਮੈਜਿਸਟਰੇਟ ਕੋਲ ਦਾਖਲ ਕੀਤੀ ਗਈ ਹੈ ਤੇ ਅਦਾਲਤ ਨੇ ਇਸ ਦੀ ਸੁਣਵਾਈ ਭਲਕੇ ਸਵੇਰੇ 11 ਵਜੇ ਤੈਅ ਕੀਤੀ ਹੈ। ਆਸ਼ੀਸ਼ ਮਿਸ਼ਰਾ ’ਤੇ ਦੋਸ਼ ਲਾਏ ਗਏ ਹਨ ਉਹ ਉਨ੍ਹਾਂ ਵਾਹਨਾਂ ’ਚੋਂ ਇੱਕ ’ਚ ਸਵਾਰ ਸੀ ਜਿਨ੍ਹਾਂ ਨੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੂੰ ਦਰੜਿਆ ਹੈ। ਕਿਸਾਨ ਆਗੂ ਤੇ ਵਿਰੋਧੀ ਪਾਰਟੀਆਂ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਸਨ ਪਰ ਮੰਤਰੀ ਤੇ ਉਸ ਦਾ ਪੁੱਤਰ ਦੋਸ਼ਾਂ ਤੋਂ ਇਨਕਾਰ ਕਰ ਰਹੇ ਸਨ।
ਮਾਮਲੇ ਦੀ ਜਾਂਚ ਲਈ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਡੀਆਈਜੀ ਉਪੇਂਦਰ ਅਗਰਵਾਲ ਨੇ ਲੰਘੀ ਰਾਤ 11 ਵਜੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ। ਅਗਰਵਾਲ ਨੇ ਦੱਸਿਆ, ‘ਮਿਸ਼ਰਾ ਨੇ ਪੁਲੀਸ ਦੇ ਸਵਾਲਾਂ ਦਾ ਸਹੀ ਜਵਾਬ ਨਹੀਂ ਦਿੱਤਾ ਤੇ ਜਾਂਚ ’ਚ ਸਹਿਯੋਗ ਨਹੀਂ ਕੀਤਾ। ਉਹ ਸਹੀ ਗੱਲਾਂ ਨਹੀਂ ਦੱਸਣਾ ਚਾਹੁੰਦੇ ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’ ਇਸ ਦੌਰਾਨ ਪੁਲੀਸ ਲਾਈਨ ਦੇ ਨੇੜਲੇ ਇਲਾਕੇ ’ਚ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਤਾਇਨਾਤ ਸਨ। ਸਿੱਟ ਵੱਲੋਂ ਆਸ਼ੀਸ਼ ਤੋਂ ਪੁੱਛ-ਪੜਤਾਲ ਕੀਤੇ ਜਾਣ ਦੌਰਾਨ ਅਜੈ ਮਿਸ਼ਰਾ ਲਖੀਮਪੁਰ ਖੀਰੀ ’ਚ ਸੰਸਦੀ ਦਫ਼ਤਰ ’ਚ ਵਕੀਲਾਂ ਨਾਲ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਕੇਂਦਰੀ ਮੰਤਰੀ ਦੇ ਹਮਾਇਤੀ ਉਨ੍ਹਾਂ ਦੀ ਰਿਹਾਇਸ਼ ਬਾਹਰ ਉਨ੍ਹਾਂ ਦੀ ਹਮਾਇਤ ’ਚ ਨਾਅਰੇਬਾਜ਼ੀ ਕਰਦੇ ਰਹੇ। ਉੱਧਰ ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ ਲਾਇਆ ਹੈ ਕਿ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਇੱਕ ਯੋਜਨਾਬੱਧ ਸਾਜ਼ਿਸ਼ ਸੀ। ਕਿਸਾਨ ਯੂਨੀਅਨਾਂ ਨੇ ਐਲਾਨ ਸੀ ਕਿ ਜੇਕਰ ਸਰਕਾਰ ਨੇ 11 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆਂ ਗਈਆਂ ਤਾਂ ਉਹ ਲਖੀਮਪੁਰ ਖੀਰੀ ਤੋਂ ਸ਼ਹੀਦ ਕਿਸਾਨ ਯਾਤਰਾ ਸ਼ੁਰੂ ਕਰਨਗੇ। ਮੋਰਚੇ ਨੇ 18 ਅਕਤੂਬਰ ਨੂੰ ਦੇਸ਼ ਭਰ ’ਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕਣ ਤੇ 26 ਅਕਤੂਬਰ ਨੂੰ ਲਖਨਊ ’ਚ ਮਹਾਪੰਚਾਇਤ ਕਰਨ ਦਾ ਸੱਦਾ ਦਿੱਤਾ ਹੋਇਆ ਹੈ। -ਪੀਟੀਆਈ
ਆਸ਼ੀਸ਼ ਨੂੰ ਕੋਵਿਡ ਪ੍ਰੋਟੋਕੋਲ ਤਹਿਤ ਇਕਾਂਤਵਾਸਵਿੱਚ ਰੱਖਿਆ
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਜ਼ਿਲ੍ਹਾ ਜੇਲ੍ਹ ਭੇਜਿਆ ਗਿਆ ਜਿੱਥੇ ਉਸ ਨੂੰ ਕੋਵਿਡ-19 ਪ੍ਰੋਟੋਕੋਲ ਤਹਿਤ ਇਕਾਂਤਵਾਸ ’ਚ ਰੱਖਿਆ ਗਿਆ ਹੈ। ਅਧਿਕਾਰੀ ਨੇ ਦੱਸਿਆ, ‘ਸ਼ੁਰੂਆਤ ’ਚ ਕੈਦੀਆਂ ਨੂੰ ਮੁੱਖ ਬੈਰਕ ਤੋਂ ਦੂਰ ਇਕਾਂਤਵਾਸ ’ਚ ਰੱਖਿਆ ਜਾਂਦਾ ਹੈ। ਉਸ ਨੂੰ ਜੇਲ੍ਹ ਦਾ ਖਾਣਾ ਦਿੱਤਾ ਜਾ ਰਿਹਾ ਹੈ। ਇਕਾਂਤਵਾਸ ਦਾ ਸਮਾਂ 14 ਦਿਨਾਂ ਦਾ ਹੁੰਦਾ ਹੈ ਤੇ ਉਸ ਦੇ ਮੈਡੀਕਲ ਟੈਸਟ ਕੀਤੇ ਜਾਣਗੇ।’ ਉਨ੍ਹਾਂ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਪਰ ਉਨ੍ਹਾਂ ਇਸ ਦੇ ਵੇਰਵੇ ਨਹੀਂ ਦਿੱਤੇ। ਸੂਤਰਾਂ ਅਨੁਸਾਰ ਆਸ਼ੀਸ਼ ਨੂੰ ਬੈਰਕ ਨੰਬਰ 21 ’ਚ ਰੱਖਿਆ ਗਿਆ ਹੈ। ਉੱਧਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਅੱਜ ਸਵੇਰੇ ਆਪਣੇ ਦਫ਼ਤਰ ਪਹੁੰਚੇ ਪਰ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਇਸ ਮੁੱਦੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹ ਆਪਣੇ ਦਫ਼ਤਰ ’ਚ ਬਾਅਦ ਦੁਪਹਿਰ 1 ਇੱਕ ਵਜੇ ਤੱਕ ਰਹੇ।
ਦੂਜੀ ਐੱਫਆਈਆਰ ’ਚ ਕਿਸਾਨਾਂ ਦੀ ਮੌਤ ਦਾ ਜ਼ਿਕਰ ਨਹੀਂ
ਲਖੀਮਪੁਰ ਖੀਰੀ, 10 ਅਕਤੂਬਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਦੇ ਮਾਮਲੇ ’ਚ ਦਰਜ ਕੀਤੀ ਗਈ ਦੂਜੀ ਐੱਫਆਈਆਰ ’ਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ’ਚ ਸ਼ਾਮਲ ‘ਮਾੜੇ ਤੱਤਾਂ’ ਨੇ ਐੱਸਯੂਵੀ ਸਵਾਰ ਭਾਜਪਾ ਦੇ ਕਾਰਕੁਨਾਂ ’ਤੇ ਹਮਲਾ ਕੀਤਾ ਪਰ ਐੱਫਆਈਆਰ ’ਚ ਕਿਸਾਨਾਂ ਦੇ ਗੱਡੀ ਹੇਠਾਂ ਆ ਕੇ ਦਰੜੇ ਜਾਣ ਜਾਂ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਾਰ ’ਚ ਮੌਜੂਦ ਹੋਣ ਸਬੰਧੀ ਕੋਈ ਜ਼ਿਕਰ ਨਹੀਂ ਹੈ। ਐੱਫਆਈਆਰ ਕਥਿਤ ਤੌਰ ’ਤੇ ਭਾਜਪਾ ਕਾਰਕੁਨਾਂ ਨੂੰ ਕੁੱਟ-ਕੁੱਟ ਕੇ ਮਾਰਨ ਸਬੰਧੀ ਚਾਰ ਅਕਤੂਬਰ ਨੂੰ ਤਿਕੁਨੀਆ ਥਾਣੇ ’ਚ ਦਰਜ ਕੀਤੀ ਗਈ ਜਦਕਿ ਇਸ ਹੋਰ ਐੱਫਆਈਆਰ ’ਚ ਆਸ਼ੀਸ਼ ਮਿਸ਼ਰਾ ਦਾ ਨਾਂ ਸੀ ਜੋ ਕਥਿਤ ਤੌਰ ‘ਤੇ ਉਨ੍ਹਾਂ ਕਾਰਾਂ ’ਚੋਂ ਇੱਕ ’ਚ ਸਵਾਰ ਸੀ ਜਿਸ ਦੀ ਲਪੇਟ ’ਚ ਆ ਕੇ ਚਾਰ ਕਿਸਾਨਾਂ ਦੀ ਮੌਤ ਹੋਈ ਸੀ। ਦੂਜੀ ਐੱਫਆਈਆਰ ’ਚ ਇੱਕ ਅਣਪਛਾਤੇ ਦੰਗਈ ਦਾ ਜ਼ਿਕਰ ਹੈ ਜਿਸ ਖ਼ਿਲਾਫ਼ ਆਈਪੀਸੀ ਦੀ ਧਾਰਾ 302, 324 ਤੇ ਹੋਰ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। ਇਹ ਐੱਫਆਈਆਰ ਸੁਮੀਤ ਜੈਸਵਾਲ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਰਾਜ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਸਮਾਗਮ ’ਚ ਸਵਾਗਤ ਕਰਨ ਲਈ ਜਾ ਰਹੇ ਭਾਜਪਾ ਕਾਰਕੁਨਾਂ ’ਚ ਸ਼ਾਮਲ ਸੀ। ਜੈਸਵਾਲ ਅਨੁਸਾਰ ਪੱਤਰਕਾਰ ਰਮਨ ਕਸ਼ਯਪ, ਕਾਰ ਚਾਲਕ ਹਰੀਓਮ ਤੇ ਭਾਜਪਾ ਕਾਰਕੁਨ ਸ਼ੁਭਮ ਮਿਸ਼ਰਾ, ਸ਼ਿਆਮ ਸੁੰਦਰ ਦੀ ਮੁਜ਼ਾਹਰਾਕਾਰੀਆਂ ਨੇ ਕੁੱਟ-ਕੁੱਟ ਕੇ ਹੱਤਿਆ ਕੀਤੀ ਹੈ। -ਪੀਟੀਆਈ