ਲਖਨਊ, 13 ਜੁਲਾਈ
ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਲਖੀਮਪੁਰ ਖੀਰੀ ਹਿੰਸਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਕੇਂਦਰੀ ਗ੍ਰਹਿ ਰਾਜਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ’ਤੇ 15 ਜੁਲਾਈ ਨੂੰ ਵੀ ਸੁਣਵਾਈ ਜਾਰੀ ਰਖੇਗੀ। ਇਸ ਘਟਨਾ ਵਿੱਚ ਅੱਠ ਵਿਅਕਤੀ ਮਾਰੇ ਗਏ ਸਨ। ਜਸਟਿਸ ਕਿ੍ਸ਼ਨ ਪਹਿਲ ਨੇ ਆਸ਼ੀਸ਼ ਮਿਸ਼ਰਾ ਦੀ ਅਪੀਲ ’ਤੇ ਇਹ ਹੁਕਮ ਦਿੱਤਾ। ਸਰਕਾਰੀ ਵਕੀਲ ਨੇ ਅੱਜ ਆਪਣੀਆਂ ਦਲੀਲਾਂ ਦਾ ਅਮਲ ਮੁਕੰਮਲ ਕਰ ਲਿਆ। ਸੋਮਵਾਰ ਨੂੰ ਹੋਈ ਸੁਣਵਾਈ ਵਿੱਚ ਪੀੜਤ ਧਿਰ ਨੇ ਆਪਣੀਆਂ ਦਲੀਲਾਂ ਦਿੱਤੀਆਂ ਸਨ। ਪੀੜਤ ਧਿਰ ਨੇ ਇਹ ਸਾਬਤ ਕਰਨ ਕਿ ਮੁਲਜ਼ਮ ਘਟਨਾ ਸਥਾਨ ’ਤੇ ਮੌਜੂਦ ਸੀ ਅਤੇ ਇਸ ਘਟਨਾ ਵਿੱਚ ਸ਼ਾਮਲ ਸੀ, ਦੇ ਕਈ ਸਬੂਤ ਪੇਸ਼ ਕੀਤੇ। ਕਾਬਿਲੇਗੌਰ ਹੈ ਕਿ ਬੀਤੇ ਵਰ੍ਹੇ ਤਿੰਨ ਅਕਤੂਬਰ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਚਾਰ ਕਿਸਾਨਾਂ ਦੀ ਕਾਰ ਹੇਠਾਂ ਦਰੜੇ ਜਾਣ ਕਾਰਨ ਮੌਤ ਹੋਈ ਸੀ। ਇਹ ਘਟਨਾ ਲਖੀਮਪੁਰ ਖੀਰੀ ਦੇ ਤਿਕੋਨੀਆ ਪਿੰਡ ਨੇੜੇ ਵਾਪਰੀ ਸੀ। ਇਹ ਵੀ ਦੋਸ਼ ਹੈ ਕਿ ਕਾਰਾਂ ਦੇ ਜਿਸ ਕਾਫ਼ਲੇ ਹੇਠਾਂ ਦਰੜੇ ਜਾਣ ਕਾਰਨ ਚਾਰ ਕਿਸਾਨਾਂ ਦੀ ਮੌਤ ਹੋਈ ਸੀ, ਉਨ੍ਹਾਂ ਵਿਚੋਂ ਇਕ ਕਾਰ ਵਿੱਚ ਆਸ਼ੀਸ਼ ਮਿਸ਼ਰਾ ਬੈਠਾ ਸੀ। ਇਸ ਮਗਰੋਂ ਹੋਈ ਹਿੰਸਾ ਵਿੱਚ ਦੋ ਭਾਜਪਾ ਵਰਕਰ, ਇਕ ਡਰਾਈਵਰ ਅਤੇ ਇਕ ਪੱਤਰਕਾਰ ਵੀ ਮਾਰਿਆ ਗਿਆ ਸੀ। ਅਪਰੈਲ ਵਿੱਚ ਸੁਪਰੀਮ ਕੋਰਟ ਨੇ ਆਸ਼ੀਸ਼ ਨੂੰ ਮਿਲੀ ਜ਼ਮਾਨਤ ਰੱਦ ਕਰ ਦਿੱਤੀ ਸੀ ਤੇ ਹੁਕਮ ਦਿੱਤਾ ਸੀ ਹਾਈ ਕੋਰਟ ਮਾਮਲੇ ਦੀ ਮੁੜ ਸਮੀਖਿਆ ਕਰ ਸਕਦਾ ਹੈ। -ਏਜੰਸੀ