ਕੋਚੀ, 11 ਜੂਨ
ਲਕਸ਼ਦੀਪ ’ਚ ਕਰੋਨਾ ਫੈਲਣ ਦੇ ਸਬੰਧ ’ਚ ਮਲਿਆਲਮ ਟੀਵੀ ਚੈਨਲ ’ਤੇ ਕੀਤੀ ਗਈ ਤਿੱਖੀ ਟਿੱਪਣੀ ਦੇ ਦੋਸ਼ ਹੇਠ ਉਥੋਂ ਦੀ ਉੱਘੀ ਫਿਲਮੀ ਹਸਤੀ ਆਯਸ਼ਾ ਸੁਲਤਾਨਾ ਖ਼ਿਲਾਫ਼ ਕਵਰਾਟੀ ਪੁਲੀਸ ਨੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਸਬ-ਇੰਸਪੈਕਟਰ ਅਮੀਰ ਬਿਨ ਮੁਹੰਮਦ ਨੇ ਆਯਸ਼ਾ ਨੂੰ ਨੋਟਿਸ ਜਾਰੀ ਕਰਦਿਆਂ ਕਰਦਿਆਂ ਉਸ ਨੂੰ 20 ਜੂਨ ਨੂੰ ਪੁਲੀਸ ਸਟੇਸ਼ਨ ’ਚ ਤਲਬ ਕੀਤਾ ਹੈ। ਲਕਸ਼ਦੀਪ ਭਾਜਪਾ ਇਕਾਈ ਦੇ ਪ੍ਰਧਾਨ ਅਬਦੁੱਲ ਖਾਦੇਰ ਦੀ ਸ਼ਿਕਾਇਤ ’ਤੇ ਆਯਸ਼ਾ ਖ਼ਿਲਾਫ਼ ਧਾਰਾ 124ਏ ਅਤੇ 153ਬੀ ਤਹਿਤ ਕੇਸ ਦਰਜ ਹੋਇਆ ਹੈ। ਸ਼ਿਕਾਇਤ ’ਚ ਦਾਅਵਾ ਕੀਤਾ ਗਿਆ ਹੈ ਕਿ ਆਯਸ਼ਾ ਨੇ 7 ਜੂਨ ਨੂੰ ਟੀਵੀ ਚੈਨਲ ’ਤੇ ਪ੍ਰੋਗਰਾਮ ਦੌਰਾਨ ਦੋਸ਼ ਲਾਇਆ ਸੀ ਕਿ ਕੇਂਦਰ ਨੇ ਲਕਸ਼ਦੀਪ ’ਚ ਕੋਵਿਡ ਫੈਲਾਉਣ ਲਈ ਜੈਵਿਕ ਹਥਿਆਰਾਂ ਦੀ ਵਰਤੋਂ ਕੀਤੀ ਹੈ। ਸੁਲਤਾਨਾ ਨੇ ਮਾਡਲਿੰਗ ਦੇ ਨਾਲ-ਨਾਲ ਕਈ ਮਲਿਆਲਮ ਫਿਲਮਾਂ ’ਚ ਵੀ ਭੂਮਿਕਾਵਾਂ ਨਿਭਾਈਆਂ ਹਨ। ਉਧਰ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਲੋਕਤੰਤਰ ’ਚ ਉੱਚੇ ਅਹੁਦਿਆਂ ’ਤੇ ਬੈਠੇ ਲੋਕਾਂ ਦੀ ਆਲੋਚਨਾ ਕਰਨਾ ਹਰੇਕ ਨਾਗਰਿਕ ਦਾ ਅਧਿਕਾਰ ਹੈ ਅਤੇ ‘ਅਸਹਿਣਸ਼ੀਲ ਆਗੂਆਂ’ ਨੂੰ ਪੁਰਾਣੇ ਕਾਨੂੰਨਾਂ ਦੀ ਆੜ ਨਹੀਂ ਲੈਣੀ ਚਾਹੀਦੀ ਹੈ। ਟਵਿੱਟਰ ’ਤੇ ਉਨ੍ਹਾਂ ਕਿਹਾ,‘‘ਲਕਸ਼ਦੀਪ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਦੀ ਆਲੋਚਨਾ ਨਾਲ ਦੇਸ਼ਧ੍ਰੋਹ ਦਾ ਕੇਸ ਨਹੀਂ ਬਣਦਾ ਹੈ।’’ ਇਸੇ ਦੌਰਾਨ ਆਇਸ਼ਾ ਸੁਲਤਾਨਾ ਨੇ ਕਿਹਾ ਕਿ ਉਹ ਆਪਣੀ ਮਾਤਭੂਮੀ ਦੀ ਰੱਖਿਆ ਲਈ ‘ਲੜਦੀ ਰਹੇਗੀ।’ -ਏਜੰਸੀ