ਕੋਚੀ, 6 ਜੂਨ
ਲਕਸ਼ਦੀਪ ’ਚ ਸੁਧਾਰਾਂ ਨਾਲ ਜੁੜੇ ਕਦਮਾਂ ਦੇ ਹੋ ਰਹੇ ਵਿਰੋਧ ਵਿਚਾਲੇ ਪ੍ਰਸ਼ਾਸਨ ਨੇ ਕੁਝ ਫ਼ੈਸਲੇ ਲਏ ਹਨ ਜਿਨ੍ਹਾਂ ’ਚ ਖੁਫ਼ੀਆ ਨਿਗਰਾਨੀ ਲਈ ਸਥਾਨਕ ਮਛੇਰਿਆਂ ਦੀਆਂ ਬੇੜੀਆਂ ’ਤੇ ਸਰਕਾਰੀ ਅਫਸਰਾਂ ਨੂੰ ਤਾਇਨਾਤ ਕੀਤਾ ਜਾਣਾ ਸ਼ਾਮਲ ਹੈ। ਪ੍ਰਸ਼ਾਸਨ ਨੇ 4 ਜੂਨ ਨੂੰ ਸਾਫ਼-ਸਫ਼ਾਈ ਸਬੰਧੀ ਵੀ ਨਵਾਂ ਹੁਕਮ ਜਾਰੀ ਕਰਦਿਆਂ ਲਕਸ਼ਦੀਪ ਦੇ ਲੋਕਾਂ ਨੂੰ ਜਨਤਕ ਥਾਵਾਂ ਅਤੇ ਉਨ੍ਹਾਂ ਆਲੇ-ਦੁਆਲੇ ਖਿੱਲ੍ਹਰੇ ਨਾਰੀਅਲ ਦੇ ਛਿੱਲੜਾਂ, ਦਰੱਖਤਾਂ ਦੇ ਪੱਤਿਆਂ ਤੇ ਨਾਰੀਅਲ ਦੇ ਛਿੱਲੜਾਂ ਦੇ ਬੂਰੇ ਆਦਿ ਦਾ ਵਿਗਿਆਨਿਕ ਢੰਗ ਨਾਲ ਨਬਿੇੜਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਲਕਸ਼ਦੀਪ ਤੋਂ ਸੰਸਦ ਮੈਂਬਰ ਮੁਹੰਮਦ ਫੈਜ਼ਲ ਨੇ ਨਵੇਂ ਨਿਰਦੇਸ਼ਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਇਨ੍ਹਾਂ ਨੂੰ ਹਾਸੋਹੀਣਾ ਕਰਾਰ ਦਿੱਤਾ ਅਤੇ ਇਹ ਨਿਰਦੇਸ਼ ਤੁਰੰਤ ਵਾਪਸ ਲੈਣ ਲਈ ਕਿਹਾ। ਪ੍ਰਸ਼ਾਸਨ ਦੇ ਪ੍ਰਮੁੱਖ ਸਕੱਤਰ ਤੇ ਸਲਾਹਕਾਰ ਦੀ ਪ੍ਰਧਾਨਗੀ ਹੇਠ 28 ਮਈ ਨੂੰ ਹੋਈ ਮੀਟਿੰਗ ’ਚ ਖੁਫ਼ੀਆ ਨਿਗਰਾਨੀ ਲਈ ਸਥਾਨਕ ਮਛੇਰਿਆਂ ਦੀਆਂ ਬੇੜੀਆਂ ’ਤੇ ਸਰਕਾਰੀ ਅਫਸਰ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਮੀਟਿੰਗ ’ਚ ਮੱਛੀ ਫੜਨ ਲਈ ਵਰਤੀਆਂ ਜਾਣ ਵਾਲੀਆਂ ਸਥਾਨਕ ਬੇੜੀਆਂ ਤੇ ਚਾਲਕ ਟੀਮ ਦੀ ਨਿਗਰਾਨੀ ਲਈ ਸੁਰੱਖਿਆ ਬੰਦੋਬਸਤ ਮਜ਼ਬੂਤ ਕਰਨ, ਦੀਪਾਂ ਤੱਕ ਪਹੁੰਚਣ ਵਾਲੀਆਂ ਮੁਸਾਫ਼ਰ ਬੇੜੀਆਂ ਤੇ ਜਹਾਜ਼ਾਂ ਦੀ ਜਾਂਚ ਤੇਜ਼ ਕਰਨ ਅਤੇ ਜਹਾਜ਼ ਖੜ੍ਹੇ ਕਰਨ ਵਾਲੀਆਂ ਥਾਵਾਂ ਦੀ ਨਿਗਰਾਨੀ ਵਧਾਉਣ ਲਈ ਸੀਸੀਟੀਵੀ ਕੈਮਰੇ ਲਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਫ਼ੈਸਲੇ ਲਏ ਸੀ ਜਿਨ੍ਹਾਂ ਦਾ ਸਥਾਨਕ ਲੋਕ ਵਿਰੋਧ ਕਰ ਰਹੇ ਹਨ। -ਪੀਟੀਆਈ