ਚੇਨਈ, 22 ਅਗਸਤ
ਡੀਐਮਕੇ ਦੀ ਆਗੂ ਅਤੇ ਲੋਕ ਸਭਾ ਮੈਂਬਰ ਕਨੀਮੋਝੀ ਨੇ ਆਯੂਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਹਿੰਦੀ ਨਾ ਬੋਲਣ ਵਾਲੇ ਡਾਕਟਰਾਂ ਨੂੰ ਕੋਟੇਚਾ ਨੇ ਕਥਿਤ ਤੌਰ ’ਤੇ ਸਿਖ਼ਲਾਈ ਸੈਸ਼ਨ ਛੱਡ ਕੇ ਜਾਣ ਲਈ ਕਹਿ ਦਿੱਤਾ ਸੀ। ਕਨੀਮੋੜੀ ਨੇ ਟਵੀਟ ਕੀਤਾ ‘ਸਕੱਤਰ ਵੱਲੋਂ ਮੰਤਰਾਲੇ ਦੇ ਸਿਖ਼ਲਾਈ ਸੈਸ਼ਨ ਵਿਚ ਅਜਿਹਾ ਕਹਿਣਾ ਦਿਖਾਉਂਦਾ ਹੈ ਕਿ ਕਿਵੇਂ ਹਿੰਦੀ ਨੂੰ ਥੋਪਿਆ ਜਾ ਰਿਹਾ ਹੈ। ਇਸ ਦੀ ਸਖ਼ਤ ਨਿਖੇਧੀ ਕਰਨੀ ਬਣਦੀ ਹੈ।’ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਕੱਤਰ ਨੂੰ ਮੁਅੱਤਲ ਕਰ ਕੇ ਅਨੁਸ਼ਾਸਨੀ ਕਾਰਵਾਈ ਆਰੰਭਣੀ ਚਾਹੀਦੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਗ਼ੈਰ ਹਿੰਦੀ ਭਾਸ਼ਾਈ ਵਿਅਕਤੀਆਂ ਨਾਲ ਇਸ ਤਰ੍ਹਾਂ ਦਾ ਵਤੀਰਾ ਆਖ਼ਰ ਕਦੋਂ ਤੱਕ ਸਵੀਕਾਰ ਕੀਤਾ ਜਾਵੇਗਾ? ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਟਵੀਟ ਕੀਤਾ ‘ਅੰਗਰੇਜ਼ੀ ਨਾ ਆਉਣਾ ਤਾਂ ਸਮਝ ਆਉਂਦਾ ਹੈ, ਪਰ ਹਿੰਦੀ ਨਾ ਜਾਨਣ ਵਾਲਿਆਂ ਨੂੰ ਚਲੇ ਜਾਣ ਲਈ ਕਹਿਣ ’ਚੋਂ ਹੰਕਾਰੀ ਵਤੀਰੇ ਦੀ ਝਲਕ ਪੈਂਦੀ ਹੈ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।’ -ਆਈਏਐਨਐੱਸ