ਮੁੰਬਈ, 3 ਅਗਸਤ
ਉੱਘੀ ਗਾਇਕਾ ਲਤਾ ਮੰਗੇਸ਼ਕਰ ਨੇ ਅੱਜ ਰੱਖੜੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਿਸ਼ੇਸ਼ ਆਡੀਓ ਸੁਨੇਹਾ ਭੇਜਿਆ ਹੈ। ਸ੍ਰੀ ਮੋਦੀ ਨੇ ਗਾਇਕਾ ਵੱਲੋਂ ਭੇਜੀਆਂ ਵਧਾਈਆਂ ਨੂੰ ਆਪਣੇ ਲਈ ਪ੍ਰੇਰਨਾ ਦਾ ਸਰੋਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲਤਾ ਦੀਦੀ ਦਾ ਸੁਨੇਹਾ ਸੱਜਰੀ ਊਰਜਾ ਨਾਲ ਭਰਪੂਰ ਹੈ। ਗਾਇਕਾ ਨੇ ਕਿਹਾ ਕਿ ਉਹ ਕਰੋਨਾ ਮਹਾਮਾਰੀ ਕਰਕੇ ਸ੍ਰੀ ਮੋਦੀ ਨੂੰ ਰੱਖੜੀ ਨਹੀਂ ਭੇਜ ਸਕੀ। 90 ਸਾਲਾਂ ਨੂੰ ਢੁੱਕੀ ਮੰਗੇਸ਼ਕਰ ਨੇ ਆਡੀਓ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਵਜੋਂ ਸ੍ਰੀ ਮੋਦੀ ਵੱਲੋਂ ਕੀਤੇ ਯਤਨਾਂ ਦੀ ਤਾਰੀਫ਼ ਕੀਤੀ ਹੈ। ਗਾਇਕਾ ਨੇ ਟਵਿੱਟਰ ’ਤੇ ਇਸ ਆਡੀਓ ਨੋਟ ਨਾਲ ਆਪਣੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਗਾਇਕਾ ਨੇ ਕਿਹਾ, ‘ਅੱਜ ਮੈਂ ਰੱਖੜੀ ਨਹੀਂ ਭੇਜ ਸਕੀ, ਕਾਰਨ ਸਾਰੀ ਦੁਨੀਆ ਨੂੰ ਪਤਾ ਹੈ। ਨਰਿੰਦਰ ਭਾਈ ਤੁਸੀਂ ਇਸ ਦੇਸ਼ ਲਈ ਸਖ਼ਤ ਘਾਲਣਾ ਘਾਲੀ ਹੈ। ਇਸ ਬਾਰੇ ਬੋਲਿਆ ਵੀ ਚੰਗਾ ਹੈ। ਦੇਸ਼ ਦੇ ਨਾਗਰਿਕ ਇਸ ਨੂੰ ਕਦੇ ਵੀ ਭੁੱਲ ਨਹੀਂ ਸਕਣਗੇ।’ ਮੰਗੇਸ਼ਕਰ ਨੇ ਕਿਹਾ ਕਿ ਉਹ ਰੱਖੜੀ ਵਾਲੇ ਦਿਨ ਵਾਅਦਾ ਕਰਨ ਕਿ ਉਹ ਦੇਸ਼ ਨੂੰ ਇਸੇ ਤਰ੍ਹਾਂ ਹੋਰ ਅੱਗੇ ਲਿਜਾਣਗੇ। ਪਿਛਲੇ ਸਾਲ ਆਪਣੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਮੋਦੀ ਨੇ ਮੰਗੇਸ਼ਕਰ ਨੂੰ ਆਪਣੀ ਵੱਡੀ ਭੈਣ ਦੱਸਿਆ ਸੀ।