ਪਣਜੀ, 21 ਨਵੰਬਰ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) ਦੇ ਭਾਰਤੀ ਪੈਨੋਰਮਾ ਸੈਕਸ਼ਨ ਦੀ ਸ਼ੁਰੂਆਤ ਅੱਜ ਇੱਥੇ ਫੀਚਰ ਫਿਲਮ ਸ਼੍ਰੇਣੀ ਵਿੱਚ ਫਿਲਮ ਨਿਰਮਾਤਾ ਐਮੀ ਬਰੂਆ ਦੀ ‘ਸੇਮਖੋਰ’ ਅਤੇ ਨਾਨ-ਫੀਚਰ ਫਿਲਮ ਸ਼੍ਰੇਣੀ ਵਿੱਚ ਰਾਜੀਵ ਪ੍ਰਕਾਸ਼ ਦੀ ‘ਵੇਦ ਦਿ ਵਿਜ਼ਨਰੀ’ ਦੀ ਸਕਰੀਨਿੰਗ ਨਾਲ ਹੋਈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਇਸ ਸੈਕਸ਼ਨ ਦਾ ਉਦਘਾਟਨ ਕੀਤਾ, ਜਿਸ ਵਿੱਚ ਕੁੱਲ 25 ਫੀਚਰ ਫਿਲਮਾਂ ਅਤੇ 20 ਨਾਨ-ਫੀਚਰ ਫਿਲਮਾਂ ਦਿਖਾਈਆਂ ਜਾਣਗੀਆਂ।
52ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 28 ਨਵੰਬਰ ਤੱਕ ਜਾਰੀ ਰਹੇਗਾ। ਫਿਲਮਸਾਜ਼ ਅਤੇ ਅਦਾਕਾਰ ਐੱਸਵੀ ਰਾਜੇਂਦਰ ਸਿੰਘ ਬਾਬੂ ਦੀ ਅਗਵਾਈ ਹੇਠਲੀ ਜਿਊਰੀ ਨੇ 221 ਸਮਕਾਲੀ ਭਾਰਤੀ ਫਿਲਮਾਂ ਵਿੱਚੋਂ ਫੀਚਰ ਸ਼੍ਰੇਣੀ ਲਈ ਫਿਲਮਾਂ ਦੀ ਚੋਣ ਕੀਤੀ। ਅਦਾਕਾਰ ਤੋਂ ਫਿਲਮ ਨਿਰਮਾਤਾ ਬਣੀ ਐਮੀ ਬਰੂਆ ਦੀ ‘ਸੇਮਖੋਰ’ ਦਿਮਾਸਾ ਭਾਸ਼ਾ ’ਚ ਬਣੀ ਪਹਿਲੀ ਫਿਲਮ ਹੈ, ਜੋ ਅਸਾਮ ਦੇ ਦਿਮਾਸਾ ਸਮਾਜ ’ਤੇ ਅਧਾਰਤ ਹੈ। ਐਮੀ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੀ ਹੈ ਕਿ ਉਸ ਦੀ ਫਿਲਮ ਨੂੰ ‘ਇੰਡੀਅਨ ਪੈਰੋਨਮਾ-2021’ ਵਿੱਚ ਸ਼ੁਰੂਆਤੀ ਫਿਲਮ ਵਜੋਂ ਚੁਣਿਆ ਗਿਆ। ਪ੍ਰਕਾਸ਼ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਵਿੱਚ ਬਣੀ ਫਿਲਮ ‘ਵੇਦ ਦਿ ਵਿਜ਼ਨਰੀ’ ਉਸ ਦੀ ਜ਼ਿੰਦਗੀ ਦਾ ਬੇਹੱਦ ਖਾਸ ਪ੍ਰਾਜੈਕਟ ਹੈ।
ਇਹ ਫਿਲਮ ਫਿਲਮਸਾਜ਼ ਵੇਦ ਪ੍ਰਕਾਸ਼ ਦੇ ਜੀਵਨ ਅਤੇ 1939-1975 ਤੱਕ ਉਸ ਦੇ ਫਿਲਮੀ ਸਫ਼ਰ ਨੂੰ ਬਿਆਨਦੀ ਹੈ। ਫਿਲਮ ਫੈਸਟੀਵਲ ਦੇ ਉਦਘਾਟਨ ਮੌਕੇ ਮੰਤਰੀ ਅਨੁਰਾਗ ਠਾਕੁਰ ਨੇ ਆਈਐੱਫਐੱਫਆਈ ਵਿੱਚ ਹਾਜ਼ਰ ਲੋਕਾਂ ਤੋਂ ਫੈਸਟੀਵਲ ਨੂੰ ਹੋਰ ਵਧੀਆ ਬਣਾਉਣ ਲਈ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਉਹ ਕੌਮੀ ਪੱਧਰ ’ਤੇ ਖੇਤਰੀ ਸਮੱਗਰੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ।
-ਪੀਟੀਆਈ
ਫਿਲਮ ਜਗਤ ਵਿੱਚ ਨਵੇਂ ਚਿਹਰੇ ਲਿਆਉਣ ਦੀ ਲੋੜ: ਜੋਸ਼ੀ
ਫੈਸਟੀਵਲ ਦੌਰਾਨ ‘75 ਕ੍ਰਿਏਟਿਵ ਮਾਈਂਡਜ਼ ਆਫ ਟੂਮਾਰੋ’ ਲਾਂਚ ਕਰਨ ਮੌਕੇ ਗੱਲ ਕਰਦਿਆਂ ਪ੍ਰਸਿੱਧ ਗੀਤਕਾਰ ਅਤੇ ਸੀਬੀਐੱਫਸੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਭਾਰਤੀ ਫਿਲਮ ਇੰਡਸਟਰੀ ਵਿੱਚ ਨਵਾਂਪਣ ਲਿਆਉਣ ਲਈ ਲਾਜ਼ਮੀ ਹੈ ਕਿ ਇੱਥੇ ਵੱਖੋ-ਵੱਖਰੀਆਂ ਕਹਾਣੀਆਂ ਸੁਣਾਉਣ ਲਈ ਵੱਖ ਵੱਖ ਪਿਛੋਕੜ ਵਾਲੇ ਲੋਕ ਹੋਣ। ਉਸ ਨੇ ਕਿਹਾ ਕਿ ਫਿਲਮ ਜਗਤ ਵਿੱਚ ਨਵੇਂ ਚਿਹਰੇ ਲਿਆਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਜੰਮੂ ਕਸ਼ਮੀਰ ਅਤੇ ਤਾਮਿਲ ਨਾਡੂ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਤੋਂ 75 ਹੁਨਰਮੰਦ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਫਿਲਮ ਜਗਤ ਦੇ ਮਾਹਿਰਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ।