ਕੋਲਕਾਤਾ, 30 ਅਕਤੂਬਰ
ਭਾਰਤ ਦੇ ਚੀਫ ਜਸਟਿਸ ਯੂ.ਯੂ. ਲਲਿਤ ਨੇ ਅੱਜ ਲਾਅ ਕਾਲਜਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਹਰ ਸੁਝਾਅ ਲਈ ਮਨ ਖੁੱਲ੍ਹਾ ਰੱਖਣ ਤੇ ਮਨੁੱਖਤਾ-ਸਮਾਜ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਣ। ਪੱਛਮੀ ਬੰਗਾਲ ਨੈਸ਼ਨਲ ਯੂਨੀਵਰਸਿਟੀ ਆਫ਼ ਜੁਡੀਸ਼ੀਅਲ ਸਾਇੰਸਿਜ਼ ਦੇ 14ਵੇਂ ਡਿਗਰੀ ਵੰਡ ਸਮਾਰੋਹ ਵਿਚ ਚੀਫ ਜਸਟਿਸ ਨੇ ਕਿਹਾ ਕਿ ਵਿਅਕਤੀ ਦੀ ਸਮਰੱਥਾ ਦਾ ਵਿਕਾਸ ਕਦੇ ਨਹੀਂ ਰੁਕਦਾ ਤੇ ਇਕ ਵਿਅਕਤੀ ਮਰਦੇ ਦਮ ਤੱਕ ਸਿੱਖਦਾ ਰਹਿੰਦਾ ਹੈ। ਉਨ੍ਹਾਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹਰ ਤਰ੍ਹਾਂ ਦੇ ਸੁਝਾਅ ਲਈ ਆਪਣਾ ਮਨ ਖੁੱਲ੍ਹਾ ਰੱਖਣ ਤੇ ਇਸ ਵਿਚੋਂ ਹੀ ਉਨ੍ਹਾਂ ਨੂੰ ਪ੍ਰੇਰਣਾ ਮਿਲੇਗੀ। ਚੀਫ ਜਸਟਿਸ ਨੇ ਵਿਦਿਆਰਥੀਆਂ ਨੂੰ ਪੜ੍ਹਦੇ ਰਹਿਣ ਤੇ ਸ਼ਖ਼ਸੀਅਤ ਦੇ ਵਿਸਤਾਰ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਕੀਲ ਵਜੋਂ ਇਕ ਵਿਅਕਤੀ ਹਮੇਸ਼ਾ ਕਾਨੂੰਨ ਦਾ ਵਿਦਿਆਰਥੀ ਬਣਿਆ ਰਹਿੰਦਾ ਹੈ। ਡਿਗਰੀ ਵੰਡ ਸਮਾਰੋਹ ਵਿਚ ਬੰਗਲਾਦੇਸ਼ ਦੇ ਚੀਫ ਜਸਟਿਸ ਹਸਨ ਫੋਇਜ਼ ਸਿੱਦੀਕ ਵੀ ਹਾਜ਼ਰ ਸਨ। ਇਸ ਮੌਕੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਦਿਨ ਨੂੰ ਉਨ੍ਹਾਂ ਲਈ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਅੱਗੇ ਆ ਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਯਕੀਨੀ ਬਣਾਉਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਚੀਫ ਜਸਟਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਨਿਆਂਇਕ ਢਾਂਚੇ ’ਚ ਲੋਕਾਂ ਦਾ ਭਰੋਸਾ ਬਹਾਲ ਕੀਤਾ ਹੈ। -ਪੀਟੀਆਈ/ਆਈਏਐੱਨਐੱਸ
ਮਮਤਾ ਬੈਨਰਜੀ ਮੁਤਾਬਕ ਲੋਕਤੰਤਰ ਖ਼ਤਰੇ ’ਚ
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਸਿੱਧਾ ਹਵਾਲਾ ਨਾ ਦਿੰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਨੂੰ ਬੇਲੋੜਾ ਤੰਗ ਕੀਤੇ ਜਾਣਾ ਅੱਜਕਲ ਬਹੁਤ ਵਧ ਗਿਆ ਹੈ। ਉਨ੍ਹਾਂ ਕਿਹਾ ਕਿ, ‘ਲੋਕਾਂ ਦੇ ਇਕ ਵਰਗ ਵੱਲੋਂ ਸਾਰੀਆਂ ਲੋਕਤੰਤਰਿਕ ਤਾਕਤਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਲੋਕਤੰਤਰ ਨਹੀਂ ਬਚੇਗਾ।’ ਬੈਨਰਜੀ ਨੇ ਕਿਹਾ, ‘ਮੈਂ ਨਿਆਂਪਾਲਿਕਾ ਨੂੰ ਅਪੀਲ ਕਰਦੀ ਹਾਂ ਕਿ ਉਹ ਲੋਕਤੰਤਰ ਨੂੰ ਬਚਾਉਣ।’