ਨਵੀਂ ਦਿੱਲੀ, 17 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਗਲੇ 25 ਸਾਲਾਂ ਤੱਕ ਆਪਣਾ ਫਰਜ਼ ਨਿਭਾਉਣਾ ਦੇਸ਼ ਲਈ ਮੰਤਰ ਹੋਣਾ ਚਾਹੀਦਾ ਹੈ ਕਿਉਂਕਿ ਭਾਰਤ ਆਪਣੀ ਆਜ਼ਾਦੀ ਦੀ ਸ਼ਤਾਬਦੀ ਵੱਲ ਵਧ ਰਿਹਾ ਹੈ, ਅਤੇ ਇਹ ਸੰਦੇਸ਼ ਇਸ ਦੀ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਤੋਂ ਜਾਣਾ ਚਾਹੀਦਾ ਹੈ। ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 82ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫੀਸਰਜ਼ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਧਾਨ ਸਭਾਵਾਂ ਵਿੱਚ ਮਿਆਰੀ ਅਤੇ ਸਿਹਤਮੰਦ ਬਹਿਸਾਂ ਲਈ ਇੱਕ ਵੱਖਰਾ ਸਮਾਂ ਹੋਣ ਦੇ ਵਿਚਾਰ ਨੂੰ ਵੀ ਅੱਗੇ ਵਧਾਇਆ ਜੋ ਗੰਭੀਰ, ਸਨਮਾਨਜਨਕ ਅਤੇ ਦੂਜਿਆਂ ਤੇ ਰਾਜਨੀਤਿਕ ਝਟਕਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ। ਵੱਖ-ਵੱਖ ਮੁੱਦਿਆਂ ’ਤੇ ਸੰਸਦ ਵਿਚ ਅਕਸਰ ਵਿਘਨ ਪੈਣ ਸਬੰਧੀ ਸ੍ਰੀ ਮੋਦੀ ਨੇ ਕਿਹਾ, ‘‘ਸੰਸਦ ਮੈਂਬਰਾਂ ਦਾ ਵਿਵਹਾਰ ਭਾਰਤੀ ਕਦਰਾਂ-ਕੀਮਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਭਾਰਤ ਵਿੱਚ ਲੋਕਤੰਤਰ ਸਿਰਫ਼ ਇੱਕ ਪ੍ਰਣਾਲੀ ਨਹੀਂ ਹੈ ਬਲਕਿ ਇਹ ਇਸ ਦਾ ਸੁਭਾਅ ਹੈ।’ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ, ‘‘ਦੇਸ਼ ਦੀ ਏਕਤਾ ਅਤੇ ਅਖੰਡਤਾ ਪ੍ਰਤੀ ਕਿਸੇ ਵੀ ਵਿਰੋਧੀ ਸੁਰ ਤੋਂ ਸੁਚੇਤ ਰਹਿਣਾ ਸਾਡੀਆਂ ਵਿਧਾਨ ਸਭਾਵਾਂ ਦੀ ਜ਼ਿੰਮੇਵਾਰੀ ਹੈ। ਇਹ ਸਾਡੀ ਏਕਤਾ ਹੈ ਜੋ ਸਾਡੀ ਵਿਭਿੰਨਤਾ ਨੂੰ ਸੁਰੱਖਿਅਤ ਰੱਖਦੀ ਹੈ।’’ -ਏਜੰਸੀ