ਨਵੀਂ ਦਿੱਲੀ, 15 ਨਵੰਬਰ
ਇੱਥੋਂ ਦੀ ਇੱਕ ਅਦਾਲਤ ਨੇ ਸਾਲ 2020 ਵਿੱਚ ਹੋਏ ਦਿੱਲੀ ਦੰਗਿਆਂ ਨੂੰ ਕਿਸੇ ਰਾਜਨੀਤਕ ਪਾਰਟੀ ਦਾ ਕਾਰਾ ਦੱਸਣ ਅਤੇ ਸਿਰਫ਼ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ’ਤੇ ਕੇਸ ਦਰਜ ਕਰਨ ਸਬੰਧੀ ਇੱਕ ਵਕੀਲ ਵੱਲੋਂ ਦਿੱਤੀ ਗਈ ਦਲੀਲ ’ਤੇ ਸਖ਼ਤ ਨਰਾਜ਼ਗੀ ਜ਼ਾਹਰ ਕਰਦਿਆਂ ਉਸ ਦੀ ਝਾੜ-ਝੰਬ ਕੀਤੀ। ਅਦਾਲਤ ਨੇ ਕਿਹਾ ਕਿ ਉਸਦੀਆਂ ਇਹ ਦਲੀਲਾਂ ਬਹੁਤ ਜ਼ਿਆਦਾ ਗੈਰ-ਜ਼ਿੰਮੇਵਾਰਾਨਾ ਤੇ ਸਪੱਸ਼ਟ ਤੌਰ ’ਤੇ ਗਲਤ ਹਨ। ਵਧੀਕ ਸੈਸ਼ਨਜ਼ ਜੱਜ ਵੀਰੇਂਦਰ ਭੱਟ ਨੇ 11 ਨਵੰਬਰ ਨੂੰ ਦਿੱਤੇ ਹੁਕਮਾਂ ’ਚ ਕਿਹਾ,‘ਵਕੀਲ ਦੀਆਂ ਇਹ ਦਲੀਲਾਂ ਨਿਸ਼ਚਿਤ ਤੌਰ ’ਤੇ ਸਹੀ ਨਹੀਂ ਹਨ।’ ਦਰਅਸਲ, ਐਡਵੋਕੇਟ ਮਹਿਮੂਦ ਪਰਾਚਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਹ ਦੰਗੇ ਫ਼ਿਰਕੂ ਨਹੀਂ ਸਨ ਤੇ ਇਹ ਸੀਏਏ-ਐੱਨਆਰਸੀ ਖ਼ਿਲਾਫ਼ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਮੁਜ਼ਾਹਰੇ ਨੂੰ ਲੀਹੋਂ ਲਾਹੁਣ ਲਈ ਕਿਸੇ ਖ਼ਾਸ ਰਾਜਨੀਤਕ ਪਾਰਟੀ ਵੱਲੋਂ ਨਿੱਜੀ ਹਿੱਤਾਂ ਖ਼ਾਤਰ ਕਰਵਾਏ ਗਏ ਸਨ। ਵਕੀਲ ਵੱਲੋਂ ਆਰਿਫ਼ ਨਾਮੀਂ ਵਿਅਕਤੀ ਦੀ ਜ਼ਮਾਨਤ ਲਈ ਕੀਤੀ ਜਾ ਰਹੀ ਬਹਿਸ ਦੌਰਾਨ ਇਹ ਦਲੀਲ ਦਿੱਤੀ ਗਈ ਸੀ ਜਿਸ ’ਤੇ ਅਲੋਕ ਤਿਵਾੜੀ ਨਾਂ ਦੇ ਵਿਅਕਤੀ ਦੇ ਕਤਲ ਦਾ ਦੋਸ਼ ਹੈ। ਵਕੀਲ ਦੀ ਦਲੀਲ ’ਤੇ ਅਦਾਲਤ ਨੇ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਵਕੀਲ ਕੋਲ ਆਪਣਾ ਇਸ ਦਾਅਵੇ ਦੇ ਪੱਖ ’ਚ ਕੋਈ ਠੋਸ ਸਬੂਤ ਨਹੀਂ ਹੈ। -ਪੀਟੀਆਈ