ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਵੈਕੇਸ਼ਨ ਬੈਂਚ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਪਣੇ ਕੇਸਾਂ ਦੀ ਸੁਣਵਾਈ ਦੌਰਾਨ ਵਕੀਲ ਨਿੱਜੀ ਤੌਰ ’ਤੇ ਅਦਾਲਤ ਵਿਚ ਆਉਣ ਨਾ ਕਿ ਵਰਚੁਅਲੀ ਪੇਸ਼ ਹੋਣ। ਸਿਖ਼ਰਲੀ ਅਦਾਲਤ ਨੇ ਅਜਿਹੇ ਕਈ ਕੇਸਾਂ ਵਿਚ ਸੁਣਵਾਈ ਅੱਗੇ ਪਾ ਦਿੱਤੀ ਜਿੱਥੇ ਵਕੀਲ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਨ। ਜਸਟਿਸ ਅਜੈ ਰਸਤੋਗੀ ਦੇ ਵੈਕੇਸ਼ਨ ਬੈਂਚ ਨੇ ਕਿਹਾ ਕਿ ਜੱਜ ਰੋਜ਼ ਅਦਾਲਤ ਆ ਰਹੇ ਹਨ ਤੇ ਇਹੀ ਢੁੱਕਵਾਂ ਹੋਵੇਗਾ ਜੇ ਵਕੀਲ ਵੀ ਕੇਸਾਂ ਦੀ ਚੰਗੀ ਤਰ੍ਹਾਂ ਸੁਣਵਾਈ ਖਾਤਰ ਅਦਾਲਤ ਆਉਣ। ਸਭ ਤੋਂ ਪਹਿਲਾਂ ਅਦਾਲਤ ਨੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਵੱਲੋਂ ਵਰਚੁਅਲੀ ਪੇਸ਼ ਹੋਣ ਦੀ ਅਪੀਲ ਨੂੰ ਠੁਕਰਾ ਦਿੱਤਾ। ਉਨ੍ਹਾਂ ਇਕ ਫ਼ੌਰੀ ਸੁਣਵਾਈ ਵਾਲੇ ਕੇਸ ਵਿਚ ਪੇਸ਼ ਹੋਣਾ ਸੀ। ਇਸ ਤੋਂ ਬਾਅਦ ਸਿਖ਼ਰਲੀ ਅਦਾਲਤ ਨੇ ਰੋਹਤਗੀ ਨੂੰ ਨਿੱਜੀ ਤੌਰ ’ਤੇ ਪੋਸ਼ ਹੋਣ ਲਈ ਕਿਹਾ। -ਪੀਟੀਆਈ