ਨਵੀਂ ਦਿੱਲੀ, 10 ਜਨਵਰੀ
ਸੁਪਰੀਮ ਕੋਰਟ ਦੇ ਵਕੀਲਾਂ ਨੇ ਸਿਖਰਲੀ ਅਦਾਲਤ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਸੰਨ੍ਹ ਦੇ ਕੇਸ ’ਚ ਸ਼ਾਮਲ ਜੱਜਾਂ ਨੂੰ ਧਮਕੀਆਂ ਦੇਣ ਵਾਲੇ ਫੋਨ ਮਿਲੇ ਹਨ। ਸੁਪਰੀਮ ਕੋਰਟ ਦ ਐਡਵੋਕੇਟ ਆਨ ਰਿਕਾਰਡ ਐਸੋਸੀਏਸ਼ਨ ਵੱਲੋਂ ਲਿਖੀ ਗਈ ਚਿੱਠੀ ’ਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਕਥਿਤ ਤੌਰ ’ਤੇ ਫੋਨ ਕੀਤੇ ਹਨ।
ਚਿੱਠੀ ’ਚ ਕਿਹਾ ਗਿਆ ਹੈ,‘‘ਮਾਨਯੋਗ ਸੁਪਰੀਮ ਕੋਰਟ ਦੇ ਰਿਕਾਰਡ ਦੇ ਕਈ ਮੈਂਬਰਾਂ ਅਤੇ ਵਕੀਲਾਂ ਨੂੰ ਪਹਿਲਾਂ ਤੋਂ ਰਿਕਾਰਡਿਡ ਫੋਨ ਕਾਲਾਂ ਅੱਜ ਕਰੀਬ 12 ਵੱਜ ਕੇ 36 ਮਿੰਟ ’ਤੇ ਆਈਆਂ। ਇਨ੍ਹਾਂ ’ਚ ਸਿੱਖਸ ਫਾਰ ਜਸਟਿਸ ਯੂਐੱਸਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ’ਚ ਹੁਸੈਨੀਵਾਲਾ ਫਲਾਈਓਵਰ ’ਤੇ ਕਾਫ਼ਲੇ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਗਈ ਹੈ।’’ ਫੋਨ ਕਰਨ ਵਾਲੇ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਜਨਹਿੱਤ ਪਟੀਸ਼ਨ ’ਤੇ ਚੱਲ ਰਹੀ ਸੁਣਵਾਈ ਤੋਂ ਕਿਨਾਰਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਅਜੇ ਤੱਕ 1984 ਦੇ ਸਿੱਖ ਕਤਲੇਆਮ ਦੀ ਦੋਸ਼ੀਆਂ ਨੂੰ ਸਜ਼ਾ ਦੇਣ ’ਚ ਨਾਕਾਮ ਰਿਹਾ ਹੈ। ਵਕੀਲਾਂ ਵੱਲੋਂ ਇਹ ਚਿੱਠੀ ਸੁਪਰੀਮ ਕੋਰਟ ਦੇ ਸਕੱਤਰ ਜਨਰਲ ਵੀਰੇਂਦਰ ਕੁਮਾਰ ਬਾਂਸਲ ਨੂੰ ਲਿਖੀ ਗਈ ਹੈ।
ਜਥੇਬੰਦੀ ਨੇ ਬੇਨਤੀ ਕੀਤੀ ਹੈ ਕਿ ਇਸ ਮਾਮਲੇ ’ਚ ਤੁਰੰਤ ਕਾਰਵਾਈ ਆਰੰਭੀ ਜਾਵੇ ਕਿਉਂਕਿ ਇਹ ਐਡਵੋਕੇਟਸ ਆਨ ਰਿਕਾਰਡਜ਼ ਦੀ ਨਿੱਜਤਾ ਦੀ ਉਲੰਘਣਾ ਹੈ ਕਿਉਂਕਿ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ ਲੀਕ ਹੋ ਗਏ ਹਨ ਅਤੇ ਸੁਪਰੀਮ ਕੋਰਟ ’ਚ ਲੱਗੇ ਕੇਸਾਂ ਤੇ ਬੈਂਕਾਂ ਦੇ ਵੇਰਵੇ ਸਬੰਧੀ ਡੇਟਾ ਮੋਬਾਈਲ ਫੋਨ ’ਚ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਮੋਬਾਈਲ ਫੋਨ ਹੈਕ ਕਰ ਲਿਆ ਗਿਆ ਤਾਂ ਸੰਵੇਦਨਸ਼ੀਲ ਡੇਟਾ ਦੀ ਸ਼ਰਾਰਤੀ ਅਨਸਰ ਦੁਰਵਰਤੋਂ ਕਰ ਸਕਦੇ ਹਨ। -ਪੀਟੀਆਈ