ਮੁੱਖ ਅੰਸ਼
- ਭਾਜਪਾ ਨੂੰ ਤੀਜੇ ਧੜੇ ਵਜੋਂ ਉੱਭਰਨ ਦੀ ਉਮੀਦ
- ਮੰਗਲਵਾਰ ਪਈਆਂ ਵੋਟਾਂ ਦੀ ਪ੍ਰਤੀਸ਼ਤ 74.02 ਰਹੀ
ਤਿਰੂਵਨੰਤਪੁਰਮ, 7 ਅਪਰੈਲ
ਸੀਪੀਐਮ ਦੀ ਅਗਵਾਈ ਵਾਲੀ ਐਲਡੀਐਫ ਤੇ ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਕੇਰਲਾ ਵਿਚ ਸਰਕਾਰ ਬਣਾਉਣ ਪ੍ਰਤੀ ਆਸਵੰਦ ਹਨ। ਜਦਕਿ ਭਾਜਪਾ ਦੀ ਅਗਵਾਈ ਵਾਲਾ ਐਨਡੀਏ ਤੀਜੀ ਧਿਰ ਵੱਜੋਂ ਉਭਰਨ ਦੀ ਆਸ ਲਾਈ ਬੈਠਾ ਹੈ। ਕੇਰਲਾ ਵਿਚ 140 ਵਿਧਾਨ ਸਭਾ ਸੀਟਾਂ ਲਈ ਵੋਟਾਂ ਮੰਗਲਵਾਰ ਪਈਆਂ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਵੋਟ ਪ੍ਰਤੀਸ਼ਤ 74.02 ਰਹੀ ਹੈ। ਐਲਡੀਐਫ ਕਨਵੀਨਰ ਤੇ ਸੀਪੀਐਮ ਦੇ ਸੂਬਾ ਸਕੱਤਰ-ਇੰਚਾਰਜ ਏ. ਵਿਜੈਰਾਘਵਨ ਨੇ ਦਾਅਵਾ ਕੀਤਾ ਕਿ ਖੱਬੇ ਪੱਖੀ ਫਰੰਟ ਇਸ ਵਾਰ ਹੋਰ ਜ਼ਿਆਦਾ ਸੀਟਾਂ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਧੜੇ ਨੂੰ ਸਭ ਤੋਂ ਬੁਰੀ ਹਾਰ ਮਿਲੇਗੀ। ਵਿਜੈਰਾਘਵਨ ਨੇ ਕਿਹਾ ਕਿ ਐਲਡੀਐਫ ਸੱਤਾ ’ਤੇ ਬਣੀ ਰਹੇਗੀ। ਸੈਰ ਸਪਾਟਾ ਮੰਤਰੀ ਕੇ. ਸੁਰੇਂਦਰਨ ਨੇ ਦਾਅਵਾ ਕੀਤਾ ਕਿ ਖੱਬੇ ਪੱਖੀ ਧਿਰ ਨੂੰ ਤਿਰੂਵਨੰਤਪੁਰਮ ਵਿਚ ਆਸ ਤੋਂ ਜ਼ਿਆਦਾ ਵੋਟ ਮਿਲੇ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਨਤੀਜੇ ਆ ਗਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਸ਼ਬਰੀਮਾਲਾ ਕੋਈ ਮੁੱਦਾ ਨਹੀਂ ਸੀ ਤੇ ਰਾਜ ਦੇ ਲੋਕਾਂ ਨੇ ਵਿਕਾਸ ਤੇ ਭਲਾਈ ਨੂੰ ਪਹਿਲ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਸ਼ਬਰੀਮਾਲਾ ਮੰਦਰ ਵਿਚ ਮਹਿਲਾਵਾਂ ਦੇ ਦਾਖ਼ਲੇ ਦੇ ਮੁੱਦੇ ’ਤੇ ਸੀਪੀਐਮ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ। ਦੂਜੇ ਪਾਸੇ ਯੂਡੀਐਫ ਦਾਅਵਾ ਕਰ ਰਹੀ ਹੈ ਕਿ ਉਹ ਸੱਤਾ ’ਚ ਪਰਤਣ ਲਈ ਲੋੜੀਂਦੀਆਂ ਸੀਟਾਂ ਉਤੇ ਜਿੱਤ ਹਾਸਲ ਕਰਨਗੇ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਇਕ ਤੋਂ ਤਿੰਨ ਸੀਟਾਂ ਜਿੱਤਣ ਦੀ ਉਮੀਦ ਲਾਈ ਬੈਠੀ ਹੈ। ਪਿਛਲੀ ਵਾਰ ਇਸ ਨੂੰ ਇਕ ਸੀਟ ਮਿਲੀ ਸੀ। -ਪੀਟੀਆਈ