ਕੋਲਕਾਤਾ: ਬੰਗਾਲੀ ਫ਼ਿਲਮਾਂ ਦੇ ਮਹਾਨ ਅਦਾਕਾਰ ਸੌਮਿੱਤਰ ਚੈੈਟਰਜੀ ਦਾ ਅੱਜ ਇਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਚੈਟਰਜੀ ਪਿਛਲੇ ਇਕ ਮਹੀਨੇ ਤੋਂ ਵੱਖ ਵੱਖ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਦੁਪਹਿਰੇ ਸਵਾ ਬਾਰ੍ਹਾਂ ਵਜੇ ਦੇ ਕਰੀਬ ਆਖਰੀ ਸਾਹ ਲਏ। ਉਹ 85 ਸਾਲਾਂ ਦੇ ਸਨ। ਅਦਾਕਾਰ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਦੀਪਾ ਚੈਟਰਜੀ, ਧੀ ਪੋਲੋਮੀ ਬਾਸੂ ਤੇ ਪੁੱਤਰ ਸੌਗਾਤਾ ਚੈਟਰਜੀ ਹਨ। ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਫ਼ਿਲਮ ਜਗਤ ਨਾਲ ਜੁੜੀਆਂ ਹੋਰਨਾਂ ਸ਼ਖ਼ਸੀਅਤਾਂ ਨੇ ਚੈਟਰਜੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ਰਧਾਂਜਲੀਆਂ ਦਿੱਤੀਆਂ ਹਨ। ਚੈਟਰਜੀ ਨੂੰ ਕਰੋਨਾਵਾਇਰਸ ਲਈ ਪਾਜ਼ੇਟਿਵ ਨਿਕਲਣ ਮਗਰੋਂ 6 ਅਕਤੂਬਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਕਰੋਨਾ ਲਾਗ ਕਰਕੇ ਨਾੜੀ ਤੰਤਰ ਤੇ ਗੁਰਦਿਆਂ ਵਿੱਚ ਨੁਕਸ ਪੈਣ ਮਗਰੋਂ ਉਨ੍ਹਾਂ ਨੂੰ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪਲਾਜ਼ਮਾ ਥੈਰੇਪੀ, ਡਾਇਲੇਸਿਸ ਤੇ ਹੋਰ ਮੈਡੀਕਲ ਮਦਦ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ। ਡਾਕਟਰਾਂ ਨੇ 13 ਨਵੰਬਰ ਨੂੰ ਜਾਰੀ ਸਿਹਤ ਬੁਲੇਟਿਨ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ’ਤੇ ਇਲਾਜ ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ। ਚੈਟਰਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਮੁੱਖ ਮੰਤਰੀ ਮਮਤਾ ਬੈਨਰਜੀ, ਊਨ੍ਹਾਂ ਦੇ ਮੁਖ ਸਕੱਤਰ ਅਲੱਪਨ ਬੰਧੋਪਾਧਿਆਏ ਤੇ ਮੰਤਰੀ ਇੰਦਰਨੀਲ ਸੇਨ ਬੈਲੇ ਵਿਊ ਕਲੀਨਿਕ ਪੁੱਜ ਗਏ। ਮੁੱਖ ਮੰਤਰੀ ਨੇ ਅਦਾਕਾਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, ‘ਚੈਟਰਜੀ ਇਕ ਜੁਝਾਰੂ ਸੀ, ਜਿਸ ਨੂੰ ਊਸ ਦੇ ਕੰਮ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਨਾਲ ਭਾਰਤੀ ਫ਼ਿਲਮ ਜਗਤ ਨੂੰ ‘ਨਾ ਪੂਰਾ ਹੋਣ ਵਾਲਾ ਘਾਟਾ’ ਪਿਆ ਹੈ।’ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਚੈਟਰਜੀ ਨੇ ਛੇ ਦਹਾਕਿਆਂ ਲੰਮੇ ਆਪਣੇ ਫਿਲਮੀ ਕਰੀਅਰ ਦੌਰਾਨ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਤੇ ਇਨ੍ਹਾਂ ਵਿੱਚੋਂ ਕਈ ਫਿਲਮਾਂ ਆਸਕਰ ਐਵਾਰਡ ਜੇਤੂ ਫ਼ਿਲਮਸਾਜ਼ ਸਤਿਆਜੀਤ ਰੇਅ ਨਾਲ ਸਨ। ਚੈਟਰਜੀ ਇਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਚੰਗੇ ਨਾਟਕਕਾਰ ਤੇ ਫ਼ਿਲਮਸਾਜ਼ ਵੀ ਸਨ। ਚੈਟਰਜੀ ਨੂੰ 2018 ਵਿੱਚ ਫਰਾਂਸ ਦੇ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਗਿਆ ਸੀ। -ਪੀਟੀਆਈ