ਮੁੰਬਈ, 10 ਮਾਰਚ
ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਜਿੱਤ ਦਰਜ ਕਰਨ ਅਤੇ ਮਨੀਪੁਰ ਤੇ ਗੋਆ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ਵਾਲੀ ਭਾਰਤੀ ਜਨਤਾ ਪਾਰਟੀ ਬਾਰੇ ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਨੂੰ ਜਿੱਤ ਪਚਾਉਣੀ ਸਿੱਖਣੀ ਚਾਹੀਦੀ ਹੈ ਅਤੇ ਹਾਲ ਹੀ ’ਚ ਹੋਈਆਂ ਚੋਣਾਂ ’ਚ ਕਾਰਗੁਜ਼ਾਰੀ ਦਾ ਸਿਹਰਾ ਆਪਣੇ ਚੰਗੇ ਚੋਣ ਪ੍ਰਬੰਧਨ ਨੂੰ ਦੇਣਾ ਚਾਹੀਦਾ ਹੈ। ਗੋਆ, ਯੂਪੀ ਤੇ ਮਨੀਪੁਰ ’ਚ ਸ਼ਿਵਸੈਨਾ ਦੀ ਕਾਰਗੁਜ਼ਾਰੀ ਜ਼ੀਰੋ ਰਹਿਣ ਬਾਰੇ ਪਾਰਟੀ ਦੇ ਬੁਲਾਰੇ ਸੰਜੈ ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਪਈਆਂ ਕਿਉਂਕਿ ਉਨ੍ਹਾਂ ਕੋਲ ਭਾਜਪਾ ਵੱਲੋਂ ਵਰਤੇ ਗਏ ਨੋਟਾਂ ਦੀ ਘਾਟ ਸੀ। ਊਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਨੇ ਇਨ੍ਹਾਂ ਸੂਬਿਆਂ ’ਚ ਆਪਣੇ ਉਮੀਦਵਾਰ ਉਤਾਰੇ ਸਨ ਪਰ ਖਾਤਾ ਖੋਲ੍ਹਣ ’ਚ ਨਾਕਾਮ ਰਹੀ। ਪੰਜਾਬ ’ਚ ਭਾਜਪਾ ਦੇ ਮਾੜੇ ਪ੍ਰਦਰਸ਼ਨ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, ‘ਮੋਦੀ-ਸ਼ਾਹ ਦੇ ਚਿਹਰੇ ਨਾਲ ਇਸ ਕੌਮੀ ਪਾਰਟੀ ਨੇ ਪੰਜਾਬ ’ਚ ਕੀ ਹਾਸਲ ਕਰ ਲਿਆ?’ ਉਨ੍ਹਾਂ ਕਿਹਾ, ‘ਹਾਰ ਪਚਾਉਣੀ ਸੌਖੀ ਹੁੰਦੀ ਹੈ ਪਰ ਭਾਜਪਾ ਨੂੰ ਜਿੱਤ ਪਚਾਉਣੀ ਸਿੱਖਣੀ ਚਾਹੀਦੀ ਹੈ। ਕੁਝ ਹੀ ਲੋਕ ਹੁੰਦੇ ਹਨ ਜੋ ਜਿੱਤ ਪਚਾ ਸਕਦੇ ਹਨ।’ ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਦਾ ਚੋਣ ਪ੍ਰਬੰਧਨ ਚੰਗਾ ਨਹੀਂ ਸੀ ਜਦਕਿ ਭਾਜਪਾ ਆਪਣੇ ਚੰਗੇ ਚੋਣ ਪ੍ਰਬੰਧਨ ਦੇ ਸਿਰ ’ਤੇ ਹੀ ਕਈ ਸੂਬਿਆਂ ’ਚ ਚੋਣ ਜਿੱਤ ਗਈ ਹੈ। -ਪੀਟੀਆਈ