ਕੋਲਕਾਤਾ, 4 ਨਵੰਬਰ
ਖੱਬੇ ਪੱਖੀ ਮੋਰਚੇ ਨੇ ਪੱਛਮੀ ਬੰਗਾਲ ਵਿੱਚ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਨੌਕਰੀਆਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਅੱਜ ਕੋਲਕਾਤਾ ਵਿੱਚ ਮਾਰਚ ਕੱਢਿਆ। ਸਕੂਲ ਸਰਵਿਸ ਕਮਿਸ਼ਨ (ਐੱਸਐੱਸਸੀ) ਪ੍ਰੀਖਿਆ ਪਾਸ ਉਮੀਦਵਾਰ ਆਪਣੀਆਂ ਮੰਗਾਂ ਲਈ ਕੇਂਦਰੀ ਕੋਲਕਾਤਾ ਵਿੱਚ ਮੇਓ ਰੋਡ ‘ਤੇ ਮਹਾਤਮਾ ਗਾਂਧੀ ਦੇ ਬੁੱਤ ਨੇੜੇ 600 ਦਿਨਾਂ ਤੋਂ ਧਰਨਾ ‘ਤੇ ਬੈਠੇ ਹਨ। ਖੱਬੇ ਪੱਖੀ ਮੋਰਚੇ ਦੇ ਚੇਅਰਮੈਨ ਬਿਮਾਨ ਬੋਸ ਦੀ ਅਗਵਾਈ ਹੇਠ ਚੌਰੰਗੀ ਇਲਾਕੇ ਤੋਂ ਮਹਾਤਮਾ ਗਾਂਧੀ ਦੇ ਬੁੱਤ ਤੱਕ ਮਾਰਚ ਕੱਢਿਆ ਗਿਆ, ਜੋ ਇੱਕ ਕਿਲੋਮੀਟਰ ਤੋਂ ਵੱਧ ਲੰਮਾ ਸੀ। ਵੱਖ ਵੱਖ ਖੱਬੇ ਪੱਖੀ ਧਿਰਾਂ ਦੇ ਆਗੂਆਂ ਅਤੇ ਸਮਰਥਕਾਂ ਨੇ ਇਸ ਰੈਲੀ ਵਿੱਚ ਹਿੱਸਾ ਲਿਆ। ਇਸ ਦੌਰਾਨ ਬੋਸ ਨੇ ਐੱਸਐੱਸਸੀ ਪ੍ਰੀਖਿਆ ਪਾਸ ਉਮੀਦਵਾਰਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕਮਿਸ਼ਨ ਉਨ੍ਹਾਂ ਨੂੰ ਦਰਕਿਨਾਰ ਕਰ ਕੇ ਅਯੋਗ ਉਮੀਦਵਾਰਾਂ ਨੂੰ ਰੱਖ ਰਿਹਾ ਹੈ। ਇਸ ਖ਼ਿਲਾਫ਼ ਉਹ 600 ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ। ਆਲ ਇੰਡੀਆ ਡੈਮੋਕਰੈਟਿਕ ਵਿਮੈਨ’ਜ਼ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਅੰਜੂ ਕਾਰ ਨੇ ਕਿਹਾ, ”ਅਸੀਂ ਚਾਹੁੰਦੇ ਹਾਂ ਕਿ ਸੂਬਾ ਸਰਕਾਰ ਇਨ੍ਹਾਂ ਉਮੀਦਵਾਰਾਂ ਨੂੰ ਫੌਰੀ ਨੌਕਰੀਆਂ ਦੇਵੇ।” ਮਾਰਚ ਵਿੱਚ ਹਿੱਸਾ ਲੈਣ ਵਾਲੇ ਐੱਸਐੱਫਆਈ ਦੇ ਕੋਲਕਾਤਾ ਜ਼ਿਲ੍ਹਾ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ ਕਿ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਤੋਂ ਇਲਾਵਾ ਉਹ ਤ੍ਰਿਣਮੂਲ ਕਾਂਗਰਸ ਸਰਕਾਰ ਤੋਂ ਨਿਯੁਕਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਵੀ ਮੰਗ ਕਰ ਰਹੇ ਹਨ। -ਪੀਟੀਆਈ