ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਹੈ ਕਿ ‘ਹਜ਼ਾਰਾਂ ਫੁੱਲ ਖਿੜਨ ਦਿਉ ਅਤੇ ਕਿਸੇ ਵੀ ਸਰੋਤ ਤੋਂ ਚੰਗੇ ਵਿਚਾਰਾਂ ਨੂੰ ਆਉਣ ਦਿਉ।’ ਇਸ ਟਿੱਪਣੀ ਦੇ ਨਾਲ ਹੀ ਅਦਾਲਤ ਨੇ ਇਕ ਸਿਆਸੀ ਪਾਰਟੀ ਨੂੰ ਕੋਵਿਡ ਦੀਆਂ ਤਿਆਰੀਆਂ ਬਾਰੇ ਖੁਦ ਨੋਟਿਸ ਲਏ ਗਏ ਇਕ ਮਾਮਲੇ ’ਚ ਦਖ਼ਲ ਦੇਣ ਅਤੇ ਆਪਣੇ ਸੁਝਾਅ ਦੇਣ ਦੀ ਇਜਾਜ਼ਤ ਦੇ ਦਿੱਤੀ। ਉਂਜ ਸਿਖਰਲੀ ਅਦਾਲਤ ਨੇ ਸੋਸ਼ਲ ਡੈਮੋਕਰੈਟਿਕ ਪਾਰਟੀ ਆਫ਼ ਇੰਡੀਆ ਵੱਲੋਂ ਦਾਖ਼ਲ ਜਨਹਿੱਤ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਰਜ਼ੀ ’ਚ ਪੂਰੇ ਭਾਰਤ ’ਚ ਇਕਸਾਰ ਮੁਫ਼ਤ ਕੋਵਿਡ ਟੀਕਾਕਰਨ ਨੀਤੀ ਦਾ ਨਿਰਦੇਸ਼ ਦੇਣ ਅਤੇ ਵਾਇਰਸ ਦੇ ਅਸਰ ਦਾ ਪਤਾ ਲਗਾਉਣ ਤੇ ਉਸ ਦੇ ਪਾਸਾਰ ’ਤੇ ਕਾਬੂ ਪਾਉਣ ਲਈ ਸੁਝਾਅ ਦੇਣ ਵਾਸਤੇ ਮਾਹਿਰਾਂ ਦੀ ਇਕ ਕਮੇਟੀ ਬਣਾਉਣ ਦੀ ਬੇਨਤੀ ਕੀਤੀ ਗਈ ਸੀ। ਬੈਂਚ ਨੇ ਕਿਹਾ ਕਿ ਜਨਹਿੱਤ ਪਟੀਸ਼ਨ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਦਾਖ਼ਲ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਹੁਕਮਾਂ ’ਤੇ ਇਹ ਮਕਸਦ ਪੂਰਾ ਹੋ ਗਿਆ ਹੈ। ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਹਜ਼ਾਰਾਂ ਫੁੱਲ ਖਿੜਨ ਦਿਉ ਅਤੇ ਕਿਸੇ ਵੀ ਸਰੋਤ ਤੋਂ ਚੰਗੇ ਵਿਚਾਰਾਂ ਨੂੰ ਆਉਣ ਦਿਉ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਿਆਸੀ ਇਤਿਹਾਸ ’ਚ ਇਹ ਟਿੱਪਣੀ ਕਿਸੇ ਵੱਖਰੇ ਸੰਦਰਭ ’ਚ ਕੀਤੇ ਗਈ ਸੀ ਪਰ ਇਥੇ ਵੱਖ ਵੱਖ ਸੰਦਰਭਾਂ ’ਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਚੀਨੀ ਆਗੂ ਮਾਓ ਜ਼ੇ ਤੁੰਗ ਨੇ 1957 ’ਚ ਮੁਲਕ ਦੀ ਸਿਆਸੀ ਪ੍ਰਣਾਲੀ ਦੇ ਸਬੰਧ ’ਚ ਬੁੱਧੀਜੀਵੀਆਂ ਦੇ ਵੱਖ ਵੱਖ ਵਿਚਾਰਾਂ ਨੂੰ ਸੱਦਾ ਦੇਣ ਲਈ ਪਹਿਲੀ ਵਾਰ ਇਸ ਦੀ ਵਰਤੋਂ ਕੀਤੀ ਸੀ। -ਪੀਟੀਆਈ