ਨਵੀਂ ਦਿੱਲੀ, 14 ਜੂਨ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਜੀ-7 ਸਿਖਰ ਸੰਮੇਲਨ ਦੀ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕੰਤਤਰ ਅਤੇ ਵਿਚਾਰਾਂ ਦੀ ਆਜ਼ਾਦੀ ’ਤੇ ਜ਼ੋਰ ਦਿੱਤੇ ਜਾਣ ਨੂੰ ਲੈ ਕੇ ਸੋਮਵਾਰ ਨੂੰ ਉਨ੍ਹਾਂ ’ਤੇ ਤਨਜ਼ ਕਸਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਜਿਹੜੇ ਉਪਦੇਸ਼ ਪੂਰੀ ਦੁਨੀਆ ਨੂੰ ਦਿੰਦੀ ਹੈ, ਉਸ ’ਤੇ ਪਹਿਲਾਂ ਭਾਰਤ ’ਚ ਅਮਲ ਕਰਨਾ ਚਾਹੀਦਾ ਹੈ। ਸ੍ਰੀ ਚਿਦੰਬਰਮ ਨੇ ਟਵੀਟ ਕੀਤਾ,‘‘ਜੀ-7 ਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਨ ਪ੍ਰੇਰਣਾ ਦੇਣ ਵਾਲਾ ਹੋਣ ਦੇ ਨਾਲ ਨਾਲ ਕੁਝ ਅਜੀਬ ਵੀ ਸੀ। ਮੋਦੀ ਸਰਕਾਰ ਜੋ ਉਪਦੇਸ਼ ਦੁਨੀਆ ਨੂੰ ਦਿੰਦੀ ਹੈ, ਉਸ ਨੂੰ ਪਹਿਲਾਂ ਭਾਰਤ ’ਚ ਅਮਲ ’ਚ ਲਿਆਉਣਾ ਚਾਹੀਦਾ ਹੈ।’’ ਉਨ੍ਹਾਂ ਇਸ ਗੱਲ ’ਤੇ ਨਿਰਾਸ਼ਾ ਜਤਾਈ ਕਿ ਪ੍ਰਧਾਨ ਮੰਤਰੀ ਇਕੱਲੇ ਮਹਿਮਾਨ ਸਨ ਜਿਹੜੇ ਬੈਠਕ ’ਚ ਸਿੱਧੇ ਤੌਰ ’ਤੇ ਮੌਜੂਦ ਨਹੀਂ ਸਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ,‘‘ਆਪਣੇ ਆਪ ਤੋਂ ਪੁੱਛੋ, ਕਿਉਂ? ਕਿਉਂਕਿ ਜਿਥੋਂ ਤੱਕ ਕੋਵਿਡ-19 ਖ਼ਿਲਾਫ਼ ਜੰਗ ਦਾ ਸਵਾਲ ਹੈ ਤਾਂ ਭਾਰਤ ਦੀ ਹਾਲਤ ਸਭ ਤੋਂ ਵੱਖਰੀ ਹੈ। ਅਸੀਂ ਆਬਾਦੀ ਦੇ ਅਨੁਪਾਤ ’ਚ ਸਭ ਤੋਂ ਵੱਧ ਪੀੜਤ ਅਤੇ ਸਭ ਤੋਂ ਘੱਟ ਟੀਕਾਕਰਨ ਵਾਲਾ ਮੁਲਕ ਹਾਂ।’’
ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਬ੍ਰਿਟੇਨ ਦੇ ਕੋਰਨਵਾਲ ’ਚ ਹੋਏ ਜੀ-7 ਸਿਖਰ ਸੰਮੇਲਨ ਦੇ ਇਜਲਾਸ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ ਸੀ ਕਿ ਤਾਨਾਸ਼ਾਹੀ, ਅਤਿਵਾਦ, ਫਰਜ਼ੀ ਸੂਚਨਾਵਾਂ ਅਤੇ ਆਰਥਿਕ ਜ਼ੋਰ-ਜ਼ਬਰਦਸਤੀ ਤੋਂ ਪੈਦਾ ਹੋਣ ਵਾਲੇ ਵੱਖ ਵੱਖ ਖ਼ਤਰਿਆਂ ਤੋਂ ਸਾਂਝੀਆਂ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ’ਚ ਭਾਰਤ ਜੀ-7 ਦਾ ਸੁਭਾਵਿਕ ਭਾਈਵਾਲ ਹੈ। -ਪੀਟੀਆਈ