ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਬੱਗਾਵੱਲੀ ਸੋਮਸ਼ੇਖਰ ਰਾਜੂ ਪਹਿਲੀ ਮਈ ਨੂੰ ਥਲ ਸੈਨਾ ਦੇ ਉੱਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਜਨਰਲ ਰਾਜੂ, ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ ਜੋ ਥਲ ਸੈਨਾ ਮੁਖੀ ਐੱਮਐੱਮ ਨਰਵਾਣੇ ਦੇ ਭਲਕੇ ਆਪਣਾ ਕਾਰਜਕਾਲ ਪੂਰਾ ਕਰਨ ਮਗਰੋਂ ਸੈਨਾ ਦੀ ਕਮਾਨ ਸੰਭਾਲਣਗੇ। ਇੱਕ ਮਾਹਿਰ ਹੈਲੀਕਾਪਟਰ ਪਾਇਲਟ ਲੈਫਟੀਨੈਂਟ ਜਨਰਲ ਰਾਜੂ ਮੌਜੂਦਾ ਸਮੇਂ ਫੌਜੀ ਮੁਹਿੰਮਾਂ ਦੇ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸੈਨਿਕ ਸਕੂਲ ਬੀਜਾਪੁਰ ਤੇ ਕੌਮੀ ਰੱਖਿਆ ਅਕਾਦਮੀ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਰਾਜੂ ਨੂੰ 15 ਦਸੰਬਰ 1984 ’ਚ ਜਾਟ ਰੈਜੀਮੈਂਟ ’ਚ ਨਿਯੁਕਤ ਕੀਤਾ ਗਿਆ ਸੀ। -ਪੀਟੀਆਈ