ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਦੇਹਰਾਦੂਨ ਸਥਿਤ ਭਾਰਤੀ ਮਿਲਟਰੀ ਅਕੈਡਮੀ (ਆਈਐੱਮਏ) ਦੇ 50ਵੇਂ ਕਮਾਂਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਸਿੰਘ ਇਸ ਤੋਂ ਪਹਿਲਾਂ ਲੇਹ ਵਿੱਚ 14ਵੀਂ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਸਨ ਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਭਾਰਤੀ ਵਫ਼ਦ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਜਾਰੀ ਤਲਖੀ ਨੂੰ ਘਟਾਉਣ ਲਈ ਚੀਨ ਨਾਲ ਫੌਜੀ ਪੱਧਰ ਦੀ ਗੱਲਬਾਤ ਕੀਤੀ ਸੀ। ਉਨ੍ਹਾਂ ਮੇਜਰ ਜਨਰਲ ਜੇ.ਐੱਸ.ਮੰਗਤ ਤੋਂ ਚਾਰਜ ਲਿਆ ਹੈ, ਜੋ ਲੈਫਟੀਨੈਂਟ ਜਨਰਲ ਜੇ.ਐੱਸ.ਨੇਗੀ ਦੇ 30 ਸਤੰਬਰ ਨੂੰ ਸੇਵਾ ਮੁਕਤ ਹੋਣ ਮਗਰੋਂ ਇਸ ਅਹੁਦੇ ਦਾ ਆਫੀਸ਼ਿਏਟਿੰਗ ਕਮਾਂਡੈਂਟ ਵਜੋਂ ਕੰਮਕਾਜ ਵੇਖ ਰਹੇ ਸਨ।