ਕੋਲਕਾਤਾ, 19 ਸਤੰਬਰ
ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਬਾਬੁਲ ਸੁਪ੍ਰਿਓ, ਜਿਹੜੇ ਸ਼ਨਿਚਰਵਾਰ ਨੂੰ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋਏ ਹਨ, ਨੇ ਅੱਜ ਕਿਹਾ ਕਿ ਜਨਤਕ ਮਾਮਲਿਆਂ ਵਿੱਚ ‘ਸਰਗਰਮ ਨਾ ਰਹਿਣ’ ਦੇ ਖਦਸ਼ੇ ਦੇ ਬਜਾਏ ਜ਼ਿੰਦਗੀ ਨੇ ਉਨ੍ਹਾਂ ਲਈ ਨਵਾਂ ਰਾਹ ਖੋਲ੍ਹ ਦਿੱਤਾ ਹੈ।
ਸੁਪ੍ਰਿਓ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਕੋਲ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ ਅਤੇ ਨਾਲ ਹੀ ਕਿਹਾ ਉਹ ਭਾਜਪਾ ਦੀ ਟਿਕਟ ’ਤੇ 2014 ਵਿੱਚ ਆਸਨਸੋਲ ਤੋਂ ਸੰਸਦ ਮੈਂਬਰ ਬਣਨ ਤੋਂ ਲੈ ਕੇ ਹੀ ਜ਼ਮੀਨੀ ਪੱਧਰ ’ਤੇ ਰਾਜਨੀਤੀ ਕਰ ਰਹੇ ਹਨ। ਇੱਥੇ ਤ੍ਰਿਣਮੂਲ ਕਾਂਗਰਸ ਦੇ ਹੈੱਡਕੁਆਰਟਰ ’ਚ ਇੱਕ ਪ੍ਰੈੱਸ ਕਾਨਫਰੰਸ ’ਚ ਸੁਪ੍ਰਿਓ ਨੇ ਕਿਹਾ, ‘ਜਨਤਕ ਜੀਵਨ ਤੋਂ ‘ਰਿਟਾਇਰ ਹਰਟ’ (ਸਰਗਰਮ ਨਾ ਰਹਿਣ) ਹੋਣ ਦੀ ਸੰਭਾਵਨਾ ਦੀ ਬਜਾਇ ਜ਼ਿੰਦਗੀ ਨੇ ਮੇਰਾ ਲਈ ਇੱਕ ਨਵਾਂ ਰਸਤਾ ਖੋਲ੍ਹ ਦਿੱਤਾ ਹੈ।’ ਉਨ੍ਹਾਂ ਕਿਹਾ, ‘ਮੈਨੂੰ ਉਸ ਪਾਰਟੀ (ਟੀਐੱਮਸੀ) ਤੋਂ ਬਹੁਤ ਸਾਰਾ ਪਿਆਰ ਅਤੇ ਸਹਿਯੋਗ ਮਿਲਿਆ ਹੈ, ਜਿਸ ਨਾਲ ਮੇਰੇ ਰਿਸ਼ਤੇ ਖਰਾਬ ਰਹੇ ਹਨ।’ ਮੋਦੀ ਸਰਕਾਰ ਵੱਲੋਂ ਕੇਂਦਰੀ ਮੰਤਰੀ ਮੰਡਲ ਵਿੱਚੋਂ ਹਟਾਏ ਜਾਣ ਮਗਰੋਂ ਕਈ ਹਫ਼ਤਿਆਂ ਤੱਕ ਕਦੇ ਗਰਮ ਤੇ ਕਦੇ ਨਰਮ ਰੁਖ ਅਪਣਾਉਣ ਵਾਲੇ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਨੇ ਸ਼ਨਿਚਰਵਾਰ ਨੂੰ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੁਪ੍ਰਿਓ, ਜਿਹੜੇ ਆਸਨਸੋਲ ਤੋਂ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ, ਨੇ ਪਹਿਲਾਂ ਕਿਹਾ ਸੀ ਕਿ ਉਹ ਰਾਜਨੀਤੀ ਛੱਡ ਦੇਣਗੇ। ਹਾਲਾਂਕਿ ਬਾਅਦ ’ਚ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਬਣੇ ਰਹਿਣ ਲਈ ਮਨਾ ਲਿਆ ਸੀ। -ਪੀਟੀਆਈ