ਨਵੀਂ ਦਿੱਲੀ, 3 ਜੂਨ
ਸੀਨੀਅਰ ਕਾਂਗਰਸੀ ਆਗੂ ਐੱਮ. ਵੀਰੱਪਾ ਮੋਇਲੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਊਹ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਮੁੜ ‘ਸਵੈ-ਨਿਰਭਰਤਾ ਦੇ ਰਾਹ ਪੈਣ’ ਦੀ ਬਿਆਨਬਾਜ਼ੀ ਕਰ ਰਹੇ ਹਨ, ਜੋ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਦੱਸਣਯੋਗ ਹੈ ਕਿ ਮੋਦੀ ਨੇ ਬੀਤੇ ਦਿਨ ਸੀਆਈਆਈ ਦੇ ਸਾਲਾਨਾ ਸੈਸ਼ਨ ਮੌਕੇ ‘ਆਤਮ-ਨਿਰਭਰ ਭਾਰਤ’ ਜਾਂ ‘ਸਵੈ-ਨਿਰਭਰ ਭਾਰਤ’ ਦਾ ਸੰਕਲਪ ਸਮਝਾਇਆ ਸੀ। ਮੋਇਲੀ ਨੇ ਜਾਰੀ ਬਿਆਨ ਰਾਹੀਂ ਕਿਹਾ, ‘‘ਪ੍ਰਧਾਨ ਮੰਤਰੀ ਦਾ ਬੀਤੇ ਦਿਨ ਦਾ ਸੀਆਈਆਈ ਸੰਬੋਧਨ ਮੁਲਕ ’ਤੇ ਛਾਈ ਆਰਥਿਕ ਮੰਦਹਾਲੀ ਬਾਰੇ ਵੱਡਾ ਮਖੌਲ ਹੈ। ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਲੋਕਾਂ ਦੀ ਮੰਦੀ ਹਾਲਤ ਪ੍ਰਤੀ ਇਮਾਨਦਾਰ ਪਹੁੰਚ ਅਪਣਾਈ ਜਾਵੇ।’’ ਕਾਂਗਰਸ ਆਗੂ ਨੇ ਕਿਹਾ ਕਿ ਤਾਲਾਬੰਦੀ ਦਾ ਪਹਿਲਾ ਪੜਾਅ ਲਾਗੂ ਕਰਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਹਾਭਾਰਤ 18 ਦਿਨਾਂ ਵਿੱਚ ਜਿੱਤ ਲਈ ਗਈ ਸੀ, ਪਰ ਕੋਵਿਡ-19 ਖ਼ਿਲਾਫ਼ ਜੰਗ 21 ਦਿਨ ਲਵੇਗੀ। ਇਸ ਮਗਰੋਂ ਮੋਮਬੱਤੀਆਂ ਤੇ ਦੀਵੇ ਜਗਾਊਣ ਲਈ ਆਖੇ ਜਾਣ ਸਣੇ ਹੋਰ ਬਿਆਨ ਦਿੱਤੇ ਗਏ, ਜੋ ਖੋਖਲੇ ਅਤੇ ਸੱਚ ਤੋਂ ਕੋਹਾਂ ਦੂਰ ਸਾਬਤ ਹੋਏ। ਇਸ ਕਾਰਨ ਲੋਕਾਂ ਦਾ ਸਰਕਾਰ ਤੋਂ ਭਰੋਸਾ ਊੱਠ ਗਿਆ ਹੈ। ਕੋਵਿਡ ਕੇਸ ਦੋ ਲੱਖ ਤੋਂ ਟੱਪ ਗਏ ਹਨ ਅਤੇ ਦੇਸ਼ ਦੀ ਮਹਾਮਾਰੀ ਨਾਲ ਨਜਿੱਠਣ ਲਈ ਕੋਈ ਤਿਆਰੀ ਨਹੀਂ। ਤਾਲਾਬੰਦੀ ਕਾਰਨ ਭਿਆਨਕ ਕਿਸਮ ਦਾ ਅੰਦਰੂਨੀ ਪਰਵਾਸ ਹੋਇਆ ਹੈ। ਊਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਸਲ ਮੁੱਦਿਆਂ ਦੀ ਬਜਾਏ ਕੇਵਲ ‘ਸਵੈ-ਨਿਰਭਰਤਾ ਦੇ ਰਾਹ ਪੈਣ ਦੀ ਬਿਆਨਬਾਜ਼ੀ’ ਕਰ ਰਹੇ ਹਨ।
-ਪੀਟੀਆਈ