ਚੇਨਈ, 29 ਜੁਲਾਈ
ਇੱਥੇ ਸਵਰਗੀ ਮੁੱਖ ਮੰਤਰੀ ਜੇ ਜੈਲਲਿਤਾ ਦੀ ਪੋਏਸ ਗਾਰਡਨ ਰਿਹਾਇਸ਼ ’ਤੇ ਤਾਮਿਲਨਾਡੂ ਸਰਕਾਰ ਨੇ ਉਨ੍ਹਾਂ ਦੇ ਚੱਲ ਅਤੇ ਅਚੱਲ ਅਸਾਸਿਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ’ਚ ਲਗਪਗ 4 ਕਿਲੋਗ੍ਰਾਮ ਸੋਨਾ, 601 ਕਿਲੋਗ੍ਰਾਮ ਚਾਂਦੀ, 8,300 ਤੋਂ ਵੱਧ ਕਿਤਾਬਾਂ, 10,438 ਡਰੈੱਸ ਮੈਟੀਰੀਅਲ ਅਤੇ ਹੋਰ ਕੱਪੜੇ ਤੇ ਪੂਜਾ ਸਮੱਗਰੀ ਸ਼ਾਮਲ ਹਨ। ਸਾਲ 2016 ਵਿੱਚ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਏਆਈਏਡੀਐੱਮਕੇ ਸੁਪਰੀਮ ਤਤਕਾਲੀ ਮੁੱਖ ਮੰਤਰੀ ਜੈਲਲਿਤਾ ‘ਵੇਦ ਨਿਲਾਯਮ’ ਨਾਮੀਂ ਤਿੰਨ ਮੰਜ਼ਿਲਾ ਇਮਾਰਤ ’ਚ ਰਹਿੰਦੇ ਸਨ। ਸਾਲ 2017 ਵਿੱਚ ਸੂਬਾਈ ਸਰਕਾਰ ਨੇ ਇਸ ਜਾਇਦਾਦ ਨੂੰ ਇੱਕ ਯਾਦਗਾਰ ’ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਸੀ। ਸੂਬਾ ਸਰਕਾਰ ਚੱਲ-ਅਚੱਲ ਅਸਾਸੇ ‘ਪੁਰੈਚੀ ਥਲਾਇਵੀ ਡਾ. ਜੇ ਜੈਲਲਿਤਾ ਮੈਮੋਰੀਅਲ ਫਾਊਂਡੇਸ਼ਨ’ ਨੂੰ ਤਬਦੀਲ ਕਰੇਗੀ, ਜਿਸਨੇ ‘ਵੇਦ ਨਿਲਾਯਮ’ ਨੂੰ ਯਾਦਗਾਰ ’ਚ ਤਬਦੀਲ ਕਰਨ ਲਈ ਪ੍ਰਬੰਧ ਕਰਨੇ ਹਨ। -ਪੀਟੀਆਈ