ਨਵੀਂ ਦਿੱਲੀ, 1 ਜਨਵਰੀ
ਭਾਰਤ ਅਤੇ ਪਾਕਿਸਤਾਨ ਨੇ 31 ਸਾਲ ਪੁਰਾਣੀ ਰਵਾਇਤ ਨੂੰ ਜਾਰੀ ਰੱਖਦਿਆਂ ਅੱਜ ਇਕ-ਦੂਜੇ ਦੇ ਪਰਮਾਣੂ ਪਲਾਂਟਾਂ ਦੀ ਸੂਚੀ ਸੌਂਪੀ। ਦੋਵੇਂ ਮੁਲਕਾਂ ਵਿਚਕਾਰ ਹੋਏ ਸਮਝੌਤੇ ਤਹਿਤ ਕੋਈ ਵੀ ਇਕ-ਦੂਜੇ ਦੇ ਪਰਮਾਣੂ ਕੇਂਦਰਾਂ ’ਤੇ ਹਮਲੇ ਨਹੀਂ ਕਰੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦਿੱਲੀ ਅਤੇ ਇਸਲਾਮਾਬਾਦ ਸਥਿਤ ਕੂਟਨੀਤਕ ਚੈਨਲਾਂ ਰਾਹੀਂ ਇਹ ਸੂਚੀ ਇਕ-ਦੂਜੇ ਨੂੰ ਸੌਂਪੀ ਗਈ। ਸਮਝੌਤੇ ਤਹਿਤ ਦੋਵੇਂ ਮੁਲਕ ਹਰ ਸਾਲ ਪਹਿਲੀ ਜਨਵਰੀ ਨੂੰ ਇਕ-ਦੂਜੇ ਦੇ ਪਰਮਾਣੂ ਪਲਾਂਟਾਂ ਅਤੇ ਕੇਂਦਰਾਂ ਦੀ ਸੂਚੀ ਸੌਂਪਣਗੇ। ਸੂਚੀ ਦਾ ਇਹ ਆਦਾਨ-ਪ੍ਰਦਾਨ ਉਸ ਸਮੇਂ ਹੋਇਆ ਹੈ ਜਦੋਂ ਦੋਵੇਂ ਮੁਲਕਾਂ ਵਿਚਕਾਰ ਕਸ਼ਮੀਰ ਅਤੇ ਸਰਹੱਦ ਪਾਰੋਂ ਅਤਿਵਾਦ ਫੈਲਾਉਣ ਦੇ ਮੁੱਦਿਆਂ ਨੂੰ ਲੈ ਕੇ ਸਬੰਧ ਤਣਾਅ ਵਾਲੇ ਬਣੇ ਹੋਏ ਹਨ। ਸੂਚੀ ਦਾ ਸਭ ਤੋਂ ਪਹਿਲਾਂ ਆਦਾਨ-ਪ੍ਰਦਾਨ ਪਹਿਲੀ ਜਨਵਰੀ, 1992 ਨੂੰ ਕੀਤਾ ਗਿਆ ਸੀ। -ਪੀਟੀਆਈ