ਅਹਿਮਦਾਬਾਦ, 26 ਅਕਤੂਬਰ
ਗੁਜਰਾਤ ਹਾਈ ਕੋਰਟ ਨੇ ਤਜਰਬਾ ਆਧਾਰ ’ਤੇ ਆਪਣੀ ਇਕ ਕੋਰਟ ਵਿੱਚ ਅਦਾਲਤੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਹੈ।
ਚੀਫ ਜਸਟਿਸ ਵਿਕਰਮ ਨਾਥ ਨੇ ਇਕ ਹੁਕਮ ਵਿੱਚ ਕਿਹਾ ਕਿ ਅਦਾਲਤੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਵੇਖਣ ਦਾ ਇੱਛੁਕ ਕੋਈ ਵੀ ਸ਼ਖ਼ਸ ਗੁਜਰਾਤ ਹਾਈ ਕੋਰਟ ਦੀ ਵੈੱਬਸਾਈਟ ’ਤੇ ਜਾ ਕੇ ਹੋਮਪੇਜ ਤੋਂ ਯੂਟਿਊਬ ਚੈਨਲ ਦੇ ਲਿੰਕ ਜ਼ਰੀਏ ਰਸਾਈ ਹਾਸਲ ਕਰ ਸਕਦਾ ਹੈ। ਹੁਕਮਾਂ ਮੁਤਾਬਕ ਹਾਈ ਕੋਰਟ ਦੀ ਡਿਵੀਜ਼ਨ ਨੰਬਰ 1 (ਪਹਿਲੀ ਕੋਰਟ) ਤੋਂ ਅਦਾਲਤੀ ਕਾਰਵਾਈ ਦਾ ਸਿੱਧਾ ਟੈਲੀਕਾਸਟ, ਸਿਰਫ ਤਜਰਬਾ ਆਧਾਰ ’ਤੇ ਹੈ ਅਤੇ ਇਸ ਨੂੰ ਅੱਗੋਂ ਵੀ ਜਾਰੀ ਰੱਖਣ ਜਾਂ ਪੱਕੇ ਤੌਰ ’ਤੇ ਅਪਣਾਉਣ ਦਾ ਫੈਸਲਾ ਇਸ ਅਜ਼ਮਾਇਸ਼ ਦੇ ਨਤੀਜਿਆਂ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ। ਚੇਤੇ ਰਹੇ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਹਾਈ ਕੋਰਟ ਦੇ ਸਾਰੇ ਬੈਂਚਾਂ ਦਾ ਕੰਮਕਾਜ ਵਰਚੁਅਲ ਕਾਨਫਰੰਸ ਰਾਹੀਂ ਚੱਲ ਰਿਹਾ ਹੈ। -ਪੀਟੀਆਈ