ਨਵੀਂ ਦਿੱਲੀ, 4 ਸਤੰਬਰ
‘ਪੇਅਟੀਐਮ’ ਚਲਾਉਣ ਵਾਲੀ ਕੰਪਨੀ ‘ਵਨ 97 ਕਮਿਊਨਿਕੇਸ਼ਨਜ਼’ ਨੇ ਅੱਜ ਕਿਹਾ ਕਿ ਈਡੀ ਦੀ ਜਾਂਚ ਦੇ ਘੇਰੇ ਵਿਚ ਆਏ ਕਰਜ਼ਾ ਵਪਾਰੀਆਂ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਖ਼ਿਲਾਫ਼ ਈਡੀ ਵੱਲੋਂ ਚਾਇਨੀਜ਼ ਲੋਨ ਐਪ ਕੇਸ ਵਿਚ ਜਾਂਚ ਕੀਤੀ ਜਾ ਰਹੀ ਹੈ। ‘ਪੇਅਟੀਐਮ’ ਨੇ ਕਿਹਾ ਕਿ ਈਡੀ ਵੱਲੋਂ ਜਿਹੜੇ ਫੰਡ ਰੋਕੇ ਗਏ ਹਨ, ਉਹ ਕੰਪਨੀ ਜਾਂ ਗਰੁੱਪ ਦੀਆਂ ਹੋਰ ਫਰਮਾਂ ਨਾਲ ਸਬੰਧਤ ਨਹੀਂ ਹਨ। ਕੰਪਨੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਈਡੀ ਨੇ ਉਨ੍ਹਾਂ ਤੋਂ ਇਨ੍ਹਾਂ ਕਾਰੋਬਾਰੀਆਂ ਬਾਰੇ ਸੂਚਨਾ ਮੰਗੀ ਸੀ। ਕੰਪਨੀ ਇਨ੍ਹਾਂ ਨੂੰ ਅਦਾਇਗੀ ਸਬੰਧੀ ਸੇਵਾਵਾਂ ਦੇ ਰਹੀ ਸੀ ਤੇ ਇਹ ਵੱਖਰੀਆਂ ਇਕਾਈਆਂ ਹਨ, ਗਰੁੱਪ ਦਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਈਡੀ ਨੇ ਸ਼ਨਿਚਰਵਾਰ ਦੱਸਿਆ ਸੀ ਕਿ ਏਜੰਸੀ ਨੇ ਆਨਲਾਈਨ ਅਦਾਇਗੀਆਂ ਕਰਾਉਣ ਵਾਲੀਆਂ ਫਰਮਾਂ ਉਤੇ ਛਾਪੇ ਮਾਰੇ ਹਨ। ਇਨ੍ਹਾਂ ਵਿਚ ਰੇਜ਼ਰਪੇਅ, ਪੇਅਟੀਐਮ ਤੇ ਕੈਸ਼ਫ੍ਰੀ ਸ਼ਾਮਲ ਹਨ। ਏਜੰਸੀ ਨੂੰ ਮੋਬਾਈਲ ਐਪਸ ਰਾਹੀਂ ਤੁਰੰਤ ਦਿੱਤੇ ਜਾਣ ਵਾਲੇ ਕਰਜ਼ਿਆਂ ਵਿਚ ਕਥਿਤ ਬੇਨਿਯਮੀਆਂ ਮਿਲੀਆਂ ਹਨ ਤੇ ਇਨ੍ਹਾਂ ਐਪਸ ਨੂੰ ਚੀਨੀ ਵਿਅਕਤੀਆਂ ਵੱਲੋਂ ‘ਕੰਟਰੋਲ’ ਕੀਤਾ ਜਾ ਰਿਹਾ ਹੈ। ਈਡੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਛਾਪੇ ਅਜੇ ਵੀ ਜਾਰੀ ਹਨ। ਕੇਂਦਰੀ ਏਜੰਸੀ ਨੇ ‘ਚੀਨੀ ਵਿਅਕਤੀਆਂ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਇਕਾਈਆਂ ਦੇ ਬੈਂਕ ਖਾਤਿਆਂ ਤੇ ਮਰਚੈਂਟ ਆਈਡੀਜ਼’ ਵਿਚ ਪਏ 17 ਕਰੋੜ ਰੁਪਏ ਦੇ ਫੰਡ ਜ਼ਬਤ ਕੀਤੇ ਹਨ। ਈਡੀ ਇਸ ਮਾਮਲੇ ਦੀ ਜਾਂਚ ਮਨੀ ਲਾਂਡਰਿੰਗ ਐਕਟ ਤਹਿਤ ਕਰ ਰਹੀ ਹੈ। ਏਜੰਸੀ ਮੁਤਾਬਕ ਇਹ ਕੰਪਨੀਆਂ ਕਰਜ਼ਾ ਲੈਣ ਵਾਲੇ ਦਾ ਸਾਰਾ ਨਿੱਜੀ ਡੇਟਾ ਐਪ ਡਾਊਨਲੋਡ ਕਰਨ ਵੇਲੇ ਆਪਣੇ ਕੋਲ ਰੱਖ ਰਹੀਆਂ ਸਨ, ਵਿਆਜ ਦਰਾਂ ਵਿਚ ਵੀ ਗੜਬੜੀ ਪਾਈ ਗਈ ਹੈ। -ਪੀਟੀਆਈ