ਮੁੰਬਈ, 29 ਜਨਵਰੀ
ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ ਰਾਹੀਂ ਜਾਣਕਾਰੀ ਦਿੱਤੀ ਕਿ 1 ਫਰਵਰੀ ਤੋਂ ਮੁੰਬਈ ’ਚ ਯਾਤਰੀਆਂ ਲਈ ਸਥਾਨਕ ਰੇਲ ਸੇਵਾਵਾਂ ਮੁੜ ਤੋਂ ਚਾਲੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰੇਲ ਸੇਵਾਵਾਂ ਮਿੱਥੇ ਸਮੇਂ ਮੁਤਾਬਕ ਚੱਲਣਗੀਆਂ। ਉਨ੍ਹਾਂ ਹਰ ਯਾਤਰੀ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਖ਼ਿਲਾਫ਼ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਅਣਗਹਿਲੀ ਲੋਕਾਂ ਲਈ ਮੁਸ਼ਕਲ ਨਾ ਬਣੇ। ਬੀਤੇ ਦਿਨੀਂ ਮਹਾਰਾਸ਼ਟਰ ਦੀ ਸਰਕਾਰ ਨੇ ਵੀ ਉਪਨਗਰ ਰੇਲ ਸੇਵਾਵਾਂ ਮੁੜ ਚਾਲੂ ਕਰਨ ਦੀ ਆਗਿਆ ਦਿੰਦਿਆਂ ਕਿਹਾ ਕਿ ਹੁਣ ਕੁੱਲ 2,985 ਰੇਲ ਸੇਵਾਵਾਂ ਚਾਲੂ ਹੋ ਚੁੱਕੀਆ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਚੀਫ਼ ਸਕੱਤਰ ਸੰਜੈ ਕੁਮਾਰ ਨੇ ਰੇਲਵੇ ਦੇ ਸੈਂਟਰਲ ਤੇ ਪੱਛਮੀ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਯਾਤਰੀਆਂ ਨੂੰ ਤੈਅ ਸਮੇਂ ਅਨੁਸਾਰ ਹੀ ਸਫ਼ਰ ਦੀ ਇਜ਼ਾਜਤ ਦਿੱਤੀ ਜਾਵੇ।
-ਪੀਟੀਆਈ