ਅਮਰਾਵਤੀ (ਮਹਾਰਾਸ਼ਟਰ), 21 ਫਰਵਰੀ
ਕਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਜ਼ਿਲ੍ਹੇ ਅਮਰਾਵਤੀ ’ਚ 22 ਫਰਵਰੀ ਰਾਤ ਅੱਠ ਵਜੇ ਤੋਂ 1 ਮਾਰਚ ਸਵੇਰੇ ਅੱਠ ਵਜੇ ਤੱਕ ਇੱਕ ਹਫ਼ਤੇ ਲਈ ਮੁਕੰਮਲ ਲੌਕਡਾਊਨ ਕੀਤਾ ਗਿਆ ਹੈ। ਰਾਜ ਦੇ ਮੰਤਰੀ ਯਸ਼ੋਮਤੀ ਠਾਕੁਰ ਨੇ ਕਿਹਾ ਕਿ ਇਸ ਤੋਂ ਇਲਾਵਾ ਅਮਰਾਵਤੀ ਡਿਵੀਜ਼ਨ ਅਧੀਨ ਪੈਂਦੇ ਅਕੋਲਾ, ਵਸ਼ੀਮ, ਬੁਲਡਾਨਾ ਤੇ ਯਵਾਤਮਾਲ ’ਚ ਕਰੋਨਾਵਾਇਰਸ ਦੇ ਮੱਦੇਨਜ਼ਰ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਸੂਬੇ ਵਿੱਚ ਵੱਧਦੇ ਕਰੋਨਾ ਦੇ ਕੇਸਾਂ ਨੂੰ ਦੇਖਦਿਆਂ ਭਲਕ ਤੋਂ ਕਿਸੇ ਵੀ ਤਰ੍ਹਾਂ ਸਿਆਸੀ, ਧਾਰਮਿਕ ਅਤੇ ਸਮਾਜਿਕ ਇਕੱਠ ’ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨ ਤੱਕ ਸਿਆਸੀ ਰੋਸ ਮੁਜ਼ਾਹਰੇ ਕਰਨ ਦੀ ਇਜਾਜ਼ਤ ਵੀ ਨਹੀਂ ਹੋਵੇਗੀ। ਉਨ੍ਹਾਂ ਕਿਹਾ, ‘ਕਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦਿਆਂ ਅਗਲੇ 15 ਦਿਨ ਲਈ ਇਹ ਪਾਬੰਦੀ ਲਗਾਈ ਗਈ ਹੈ। ਲੌਕਡਾਊਨ ਕਰੋਨਾ ਦੇ ਹੱਲ ਲਈ ਹੈ ਪਰ ਇਹ ਸਿਰਫ਼ ਕਰੋਨਾ ਦਾ ਚੱਕਰ ਤੋੜਨ ਲਈ ਹੈ।’ -ਪੀਟੀਆਈ