ਰਿਆਧ: ਹੈਦਰਾਬਾਦ ਦੀ ਇੰਦਰਾ ਈਗਲਪਤੀ ‘ਰਿਆਧ ਮੈਟਰੋ’ ਦੀਆਂ ਚੋਣਵੀਆਂ ਮਹਿਲਾ ਲੋਕੋ ਪਾਇਲਟਾਂ ’ਚੋਂ ਇੱਕ ਹੈ, ਜੋ ਉੱਥੇ ਰੇਲ ਗੱਡੀਆਂ ਚਲਾਉਣ ਲਈ ਉਤਸ਼ਾਹਿਤ ਹੈ। ਰਿਆਧ ਵਿੱਚ ਰੈਪਿਡ ਟਰਾਂਜ਼ਿਟ ਸਿਸਟਮ ਦਾ ਨਿਰਮਾਣ ਕੰਮ ਪੂਰਾ ਹੋਣ ਦੇ ਨੇੜੇ ਹੈ ਅਤੇ ਇੰਦਰਾ ਮੌਜੂਦਾ ਸਮੇਂ ਟਰਾਇਲ ਰੇਲਾਂ ਚਲਾ ਰਹੀ ਹੈ। ਪਿਛਲੇ ਪੰਜ ਸਾਲਾਂ ਤੋਂ ਰੇਲ ਪਾਇਲਟ ਅਤੇ ਸਟੇਸ਼ਨ ਅਪਰੇਸ਼ਨ ਮਾਸਟਰ ਵਜੋਂ ਕੰਮ ਕਰ ਰਹੀ 33 ਸਾਲਾ ਇੰਦਰਾ ਨੇ ਕਿਹਾ, ‘ਇਸ ਵਿਸ਼ਵ ਪੱਧਰੀ ਅਤੇ ਵੱਕਾਰੀ ਪ੍ਰੋਜੈਕਟ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲਾ ਪਲ ਹੈ।’ ਜਦੋਂ ਇੰਦਰਾ ਨੂੰ ਰਿਆਧ ਮੈਟਰੋ ਵਿੱਚ ਖਾਲੀ ਅਸਾਮੀਆਂ ਬਾਰੇ ਪਤਾ ਲੱਗਿਆ ਤਾਂ ਉਹ ਹੈਦਰਾਬਾਦ ਮੈਟਰੋ ਵਿੱਚ ਕੰਮ ਕਰ ਰਹੀ ਸੀ ਅਤੇ ਫਿਰ ਉਸ ਨੇ ਇਸ ਲਈ ਅਪਲਾਈ ਕੀਤਾ। ਇੰਦਰਾ ਅਤੇ ਭਾਰਤ ਤੋਂ ਦੋ ਹੋਰ ਵਿਅਕਤੀ 2019 ਵਿੱਚ ਰਿਆਧ ਮੈਟਰੋ ਵਿੱਚ ਸ਼ਾਮਲ ਹੋਏ ਪਰ ਕਰੋਨਾ ਕਾਰਨ ਉਨ੍ਹਾਂ ਨੂੰ ਆਪਣੀ ਸ਼ੁਰੂਆਤੀ ਸਿਖਲਾਈ ਡਿਜੀਟਲ ਤੌਰ ’ਤੇ ਕਰਨੀ ਪਈ। ਰਿਪੋਰਟਾਂ ਅਨੁਸਾਰ ਰਿਆਧ ਮੈਟਰੋ ਸੇਵਾ 2025 ਦੇ ਸ਼ੁਰੂਆਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। -ਪੀਟੀਆਈ