ਪੁਣੇ, 30 ਜੂਨ
ਇੱਥੋਂ ਨੇੜਲੇ ਪਹਾੜੀ ਖੇਤਰ ਲੋਨਾਵਾਲਾ ਦੇ ਭੂਸ਼ੀ ਡੈਮ ਨੇੜੇ ਝਰਨੇ ਵਿਚ ਨਹਾਉਣ ਗਏ ਪੰਜ ਜਣੇ ਡੁੱਬ ਗਏ ਹਨ ਜਿਨ੍ਹਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦਕਿ ਦੋ ਬੱਚੇ ਲਾਪਤਾ ਹਨ। ਲੋਨਾਵਾਲਾ ਪੁਲੀਸ ਸਟੇਸ਼ਨ ਦੇ ਇੰਚਾਰਜ ਮਯੂਰ ਅਗਨਾਵੇ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਦੇ ਦੋ ਵਜੇ ਵਾਪਰਿਆ ਜਦੋਂ ਔਰਤ ਤੇ ਬੱਚੇ ਝਰਨੇ ਵਿਚ ਨਹਾਉਣ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਹਿਸਤਾ ਅੰਸਾਰੀ (36), ਅਮੀਮਾ ਅੰਸਾਰੀ (13) ਅਤੇ ਉਮਰਾ ਅੰਸਾਰੀ (8) ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਦਕਿ ਅਦਨਾਨ ਅੰਸਾਰੀ (4) ਅਤੇ ਮਾਰੀਆ ਸਯਦ (9) ਲਾਪਤਾ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਹ ਝਰਨੇ ਨੇੜਲੇ ਕੱਚੇ ਪੱਥਰਾਂ ਤੋਂ ਫਿਸਲ ਗਏ ਹੋਣ ਤੇ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਏ। ਐਸਪੀ ਪੰਕਜ ਦੇਸ਼ਮੁੱਖ ਨੇ ਦੱਸਿਆ ਕਿ ਲਾਸ਼ਾਂ ਝਰਨੇ ਤੋਂ ਦੋ ਕਿਲੋਮੀਟਰ ਦੂਰ ਬਰਾਮਦ ਕਰ ਲਈਆਂ ਗਈਆਂ ਹਨ ਤੇ ਬਾਕੀਆਂ ਦੀ ਭਾਲ ਲਈ ਭਲਕੇ ਮੁੜ ਬਚਾਅ ਕਾਰਜ ਚਲਾਏ ਜਾਣਗੇ। ਆਈਏਐਨਐਸ