ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਇੱਕ ਨੌਜਵਾਨ ਕ੍ਰਿਕਟ ਨਾਲ ਸਬੰਧਤ ‘ਡਰੀਮ11’ ਐਪ ’ਤੇ ਦੋ ਕਰੋੜ ਰੁਪਏ ਜਿੱਤ ਕੇ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਇਲਾਕੇ ਦੇ ਪਿੰਡ ਸ਼ਲਗਾਮ ਨਾਲ ਸਬੰਧਤ ਵਸੀਮ ਰਾਜਾ ਨੇ ਦੱਸਿਆ ਕਿ ਇਸ ਰਕਮ ਨਾਲ ਉਹ ਆਪਣੀ ਬਿਮਾਰ ਮਾਂ ਦਾ ਇਲਾਜ ਕਰਾਵੇਗਾ। ਵਸੀਮ ਨੇ ਕਿਹਾ, ‘‘ਮੈਂ ਸ਼ਨਿਚਰਵਾਰ ਦੀ ਰਾਤ ਗੂੜੀ ਨੀਂਦੇ ਸੁੱਤਾ ਹੋਇਆ ਸੀ, ਜਦੋਂ ਕੁੱਝ ਦੋਸਤਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਂ ‘ਡਰੀਮ 11’ ਵਿੱਚ ਪਹਿਲੇ ਨੰਬਰ ’ਤੇ ਆਇਆ ਹਾਂ।’’ ਉਸ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਆਈਪੀਐੱਲ ਵਿੱਚ ਕਾਲਪਨਿਕ ਟੀਮਾਂ ਬਣਾ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਉਸ ਨੇ ਕਿਹਾ, ‘‘ਰਾਤੋ-ਰਾਤ ਅਮੀਰ ਬਣਨਾ ਇੱਕ ਸੁਫ਼ਨੇ ਵਾਂਗ ਹੈ। ਇਸ ਪੈਸੇ ਨਾਲ ਸਾਨੂੰ ਆਪਣੀ ਗਰੀਬੀ ਦੂਰ ਕਰਨ ਵਿੱਚ ਮਦਦ ਮਿਲੇਗੀ ਕਿਉਂਕਿ ਅਸੀਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਹਾਂ। ਮੇਰੀ ਮਾਂ ਬਿਮਾਰ ਹੈ ਅਤੇ ਹੁਣ ਮੈਂ ਉਨ੍ਹਾਂ ਦਾ ਇਲਾਜ ਕਰਵਾ ਸਕਾਂਗਾ।’’ -ਆਈਏਐੱਨਐੱਸ