ਨਵੀਂ ਦਿੱਲੀ, 18 ਅਗਸਤ
ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਅੱਜ 25 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਹ ਲਗਾਤਾਰ ਦੂਜੇ ਮਹੀਨੇ ਸਿੱਧਾ ਵਾਧਾ ਹੈ। ਤੇਲ ਕੰਪਨੀਆਂ ਦੇ ਨੋਟੀਫਿਕੇਸ਼ਨ ਮੁਤਾਬਕ ਸਬਸਿਡੀ ਵਾਲੇ ਐੱਲਪੀਜੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 859 ਰੁਪਏ (ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ) ਹੈ। ਇਸ ਤੋਂ ਪਹਿਲਾਂ ਪਹਿਲੀ ਜੁਲਾਈ ਨੂੰ ਕੀਮਤਾਂ ਵਿੱਚ 25.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ। ਗੈਰ-ਸਬਸਿਡੀ ਵਾਲੇ ਰਸੋਈ ਗੈਸ ਦੀਆਂ ਦਰਾਂ ਵਿੱਚ ਪਹਿਲੀ ਅਗਸਤ ਨੂੰ ਇਸੇ ਅਨੁਪਾਤ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਹੁਣ ਸਬਸਿਡੀ ਵਾਲੀ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਬਸਿਡੀ ਵਾਲੀ ਅਤੇ ਗ਼ੈਰ-ਸਬਸਿਡੀ ਵਾਲੀ ਰਸੋਈ ਗੈਸ ਦੀਆਂ ਦਰਾਂ ਵਿੱਚ ਸ਼ਾਇਦ ਹੀ ਕੋਈ ਫ਼ਰਕ ਰਿਹਾ ਹੋਵੇ। ਉਦਯੋਗਿਕ ਸੂਤਰਾਂ ਨੇ ਕਿਹਾ ਕਿ ਸਬਸਿਡੀ ਵਾਲੀ ਐੱਲਪੀਜੀ ਦੀ ਕੀਮਤ ਪਹਿਲੀ ਅਗਸਤ ਨੂੰ ਨਹੀਂ ਵਧਾਈ ਗਈ, ਕਿਉਂਕਿ ਉਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਅਤੇ ਵਿਰੋਧੀ ਧਿਰ ਸਰਕਾਰ ਨੂੰ ਨਿਸ਼ਾਨਾ ਬਣਾ ਸਕਦੀ ਸੀ। ਸਬਸਿਡੀ ਵਾਲੀ ਐੱਲਪੀਜੀ ਦੀ ਕੀਮਤ ਵਿੱਚ ਪਹਿਲੀ ਜਨਵਰੀ ਤੋਂ ਕੁੱਲ 165 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋ ਚੁੱਕਿਆ ਹੈ। -ਪੀਟੀਆਈ
ਲੋਕਾਂ ਨੂੰ ਲੁੱਟਣ ਲੱਗੀ ਮੋਦੀ ਸਰਕਾਰ: ਪ੍ਰਿਯੰਕਾ
ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਲਈ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਅੱਜ ਕਿਹਾ ਕਿ ‘ਉੱਜਵਲਾ’ ਦਾ ਸੁਫ਼ਨਾ ਵਿਖਾ ਕੇ ਮੋਦੀ ਸਰਕਾਰ ਦੀ ‘ਕੁਲੈਕਸ਼ਨ ਸਕੀਮ’ ਤੇਜ਼ੀ ਨਾਲ ਵੱਧ ਫੁਲ ਰਹੀ ਹੈ। ਉਧਰ ਕਾਂਗਰਸ ਤਰਜਮਾਨ ਸੁਪ੍ਰਿਆ ਸ੍ਰੀਨਾਟੇ ਸਮੇਤ ਕਈ ਮਹਿਲਾ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਰਸੋਈ ਗੈਸ ਕੀਮਤਾਂ ਵਿੱਚ ਵਾਧਾ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।