ਨਵੀਂ ਦਿੱਲੀ, 6 ਜੁਲਾਈ
ਮੁੱਖ ਅੰਸ਼
- ਗੈਸ ਸਿਲੰਡਰ ਦੀ ਕੀਮਤ ਵਧ ਕੇ 1053 ਰੁਪਏ ਹੋਈ
ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ 50 ਰੁਪਏ ਹੋਰ ਵਧਾ ਦਿੱਤੀ ਗਈ ਹੈ। ਮਈ ਤੋਂ ਬਾਅਦ ਸਿਲੰਡਰ ਦੇ ਭਾਅ ’ਚ ਇਹ ਤੀਜਾ ਵਾਧਾ ਹੈ। ਦਿੱਲੀ ’ਚ ਹੁਣ ਗੈਰ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ 1,003 ਤੋਂ ਵਧ ਕੇ 1,053 ਰੁਪਏ ਹੋ ਗਈ ਹੈ। ਸਰਕਾਰ ਵੱਲੋਂ ਉੱਜਵਲਾ ਯੋਜਨਾ ਤਹਿਤ ਦਿੱਤੇ ਗਏ ਸਿਲੰਡਰਾਂ ’ਤੇ ਸਬਸਿਡੀ ਦਿੱਤੀ ਜਾਂਦੀ ਹੈ ਜਦਕਿ ਆਮ ਲੋਕਾਂ ਦੇ ਘਰਾਂ ’ਚ ਵਰਤੇ ਜਾਣ ਵਾਲੇ ਰਸੋਈ ਗੈਸ ਸਿਲੰਡਰ ’ਤੇ ਹੁਣ ਕੋਈ ਸਬਸਿਡੀ ਨਹੀਂ ਮਿਲਦੀ। ਇਸ ਸਾਲ ਚੌਥੀ ਵਾਰ ਰਸੋਈ ਗੈਸ ਸਿਲੰਡਰਾਂ ਦੇ ਭਾਅ ’ਚ ਵਾਧਾ ਕੀਤਾ ਗਿਆ ਹੈ। ਪਹਿਲੀ ਵਾਰ 22 ਮਾਰਚ ਨੂੰ ਸਿਲੰਡਰ ਦੀ ਕੀਮਤ 50 ਰੁਪਏ ਵਧਾਈ ਗਈ ਸੀ। ਇਸ ਮਗਰੋਂ 7 ਮਈ ਨੂੰ 50 ਰੁਪਏ ਅਤੇ 19 ਮਈ ਨੂੰ ਸਾਢੇ ਤਿੰਨ ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੂਨ 2021 ਤੋਂ ਬਾਅਦ ਗੈਸ ਸਿਲੰਡਰ ਦੀ ਕੀਮਤ 244 ਰੁਪਏ ਤੱਕ ਵਧ ਚੁੱਕੀ ਹੈ। ਉਧਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਤੀਜੇ ਮਹੀਨੇ ਕੋਈ ਵਾਧਾ ਨਹੀਂ ਕੀਤਾ ਗਿਆ ਹੈ। -ਪੀਟੀਆਈ
ਲੋਕਾਂ ਦੇ ਬਜਟ ’ਤੇ ਮਹਿੰਗਾਈ ਦਾ ਬੁਲਡੋਜ਼ਰ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਰਸੋਈ ਗੈਸ ਦੀ ਕੀਮਤ ’ਚ 50 ਰੁਪਏ ਦੇ ਵਾਧੇ ਨੂੰ ਮੋਦੀ ਸਰਕਾਰ ਦਾ ਜਨ ਵਿਰੋਧੀ ਫ਼ੈਸਲਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੇ ਬਜਟ ’ਤੇ ਮਹਿੰਗਾਈ ਦਾ ਬੁਲਡੋਜ਼ਰ ਚਲਾ ਰਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਸੁਰਖੀਆਂ ਦੇ ਪ੍ਰਬੰਧਨ ’ਚ ਜੁਟੀ ਹੋਈ ਹੈ ਪਰ ਅਰਥਚਾਰੇ ਦਾ ਮਾੜਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਟਵਿੱਟਰ ’ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ’ਚ ਦਿਖਾਇਆ ਗਿਆ ਕਿ ਸੱਤਾ ’ਚ ਆਉਣ ਤੋਂ ਬਾਅਦ ਮਹਿੰਗਾਈ ’ਤੇ ਭਾਜਪਾ ਦਾ ਰੁਖ ਬਦਲ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਿੰਦੀ ’ਚ ਟਵੀਟ ਕਰਕੇ ਕਿਹਾ,‘‘ਭਾਜਪਾ ਅਤੇ ਉਸ ਦੇ ਪੂੰਜੀਪਤੀ ਦੋਸਤਾਂ ਦੇ ਖਾਣ ਵਾਲੇ ਦੰਦ ਕੁਝ ਹੋਰ ਹਨ, ਦਿਖਾਉਣ ਵਾਲੇ ਕੁਝ ਹੋਰ ਹਨ। ਕਾਰਜਕਾਰਨੀ ਬੈਠਕ ’ਚ ਗਰੀਬਾਂ ਦੇ ਕਲਿਆਣ ਦੀ ਆੜ ’ਚ ਪਿਛਲੇ 2-3 ਦਿਨਾਂ ’ਚ ਆਟਾ, ਅਨਾਜ, ਦਹੀ, ਪਨੀਰ ’ਤੇ 5 ਫ਼ੀਸਦੀ ਗੱਬਰ ਸਿੰਘ ਟੈਕਸ ਲਗਾ ਦਿੱਤਾ। ਅੱਜ ਰਸੋਈ ਗੈਸ ’ਤੇ 50 ਰੁਪਏ ਹੋਰ ਵਧਾ ਕੇ ਗਰੀਬਾਂ ਅਤੇ ਮੱਧ ਵਰਗ ਦਾ ਲੱਕ ਤੋੜ ਦਿੱਤਾ ਹੈ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ ਕਿ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਸਰਕਾਰ ਰਸੋਈ ਗੈਸ ਦੀਆਂ ਕੀਮਤਾਂ ਵਧਾਉਂਦੀ ਜਾ ਰਹੀ ਹੈ। ਪੰਜ ਕਿਲੋ ਵਾਲੇ ਸਿਲੰਡਰ ਦੀ ਕੀਮਤ ਵੀ 18 ਰੁਪਏ ਵਧਾ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੇ ਬਜਟ ’ਤੇ ਮਹਿੰਗਾਈ ਦਾ ਬੁਲਡੋਜ਼ਰ ਚਲਾ ਰਹੀ ਹੈ। ਆਲ ਇੰਡੀਆ ਮਹਿਲਾ ਕਾਂਗਰਸ ਨੇ ਭਾਜਪਾ ’ਤੇ ਵਿਅੰਗ ਕਰਦਿਆਂ ਟਵੀਟ ਕੀਤਾ,‘‘ਕੀ ਇਹ ਮਹਾਰਾਸ਼ਟਰ ਸਰਕਾਰ ਨੂੰ ਡੇਗਣ ਦੀ ਕੀਮਤ ਹੈ?’’ ਕਾਂਗਰਸ ਤਰਜਮਾਨ ਰਾਗਿਨੀ ਨਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿੰਗਾਈ ਨੂੰ ਹਰਾਉਣ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦਾ ਮਹਿੰਗਾਈ ਪ੍ਰੇਮ ਅੱਜ ਜੱਗ ਜ਼ਾਹਿਰ ਹੈ। -ਪੀਟੀਆਈ