ਨਵੀਂ ਦਿੱਲੀ, 1 ਜੂਨ
ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਫ਼ੌਜ ਦੀ ਅਹਿਮ ਪੂਰਬੀ ਕਮਾਨ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਕੋਲਕਾਤਾ ਵਿਚ ਪੂਰਬੀ ਕਮਾਨ ਦਾ ਹੈੱਡਕੁਆਰਟਰ ਹੈ ਤੇ ਇਹ ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ ਵਿਚ ਐਲਏਸੀ ਦੀ ਰਾਖੀ ਕਰਦੀ ਹੈ।
ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਚੀਨ ਨਾਲ ਭਾਰਤ ਦਾ ਸਰਹੱਦੀ ਤਣਾਅ ਹੈ। ਲੈਫ਼ਟੀਨੈਂਟ ਜਨਰਲ ਅਜੈ ਸਿੰਘ ਨੂੰ ਅੰਡੇਮਾਨ ਤੇ ਨਿਕੋਬਾਰ ਕਮਾਂਡ ਦਾ ਕਮਾਂਡਰ ਥਾਪਿਆ ਗਿਆ ਹੈ। ਇਹ ਭਾਰਤ ਦੀ ਇਕੋ-ਇਕ ਟ੍ਰਾਈ-ਸਰਵਿਸ ਥੀਏਟਰ ਕਮਾਂਡ ਹੈ। ਲੈਫ਼ ਜਨਰਲ ਸਿੰਘ ਅੰਡੇਮਾਨ ਤੇ ਨਿਕੋਬਾਰ ਕਮਾਂਡ ਵਿਚ ਲੈਫ਼ ਜਨਰਲ ਪਾਂਡੇ ਦੀ ਥਾਂ ਲੈਣਗੇ। ਲੈਫ਼ ਜਨਰਲ ਅਜੈ ਸਿੰਘ ਲਾਰੈਂਸ ਸਕੂਲ (ਸਨਾਵਰ) ਦੇ ਵਿਦਿਆਰਥੀ ਰਹੇ ਹਨ। ਉਹ ਨੈਸ਼ਨਲ ਡਿਫੈਂਸ ਅਕਾਦਮੀ ਤੇ ਇੰਡੀਅਨ ਮਿਲਟਰੀ ਅਕਾਦਮੀ ਤੋਂ ਸਿਖਲਾਈ ਲੈ ਚੁੱਕੇ ਹਨ।
ਲੈਫ਼ ਜਨਰਲ ਪਾਂਡੇ ਜੰਮੂ ਕਸ਼ਮੀਰ ਵਿਚ ‘ਪਰਾਕ੍ਰਮ’ ਅਪਰੇਸ਼ਨ ਦੌਰਾਨ ਐਲਓਸੀ ਦੇ ਨਾਲ ਇੰਜਨੀਅਰਿੰਗ ਰੈਜੀਮੈਂਟ ਦੀ ਕਮਾਨ ਵੀ ਸੰਭਾਲ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪੱਛਮੀ ਸੈਕਟਰ ਵਿਚ ਇੰਜਨੀਅਰ ਬ੍ਰਿਗੇਡ ਤੇ ਐਲਓਸੀ ਦੇ ਨਾਲ ਇਨਫੈਂਟਰੀ ਬ੍ਰਿਗੇਡ ਤੇ ਪੱਛਮੀ ਲੱਦਾਖ ਤੇ ਉੱਤਰ-ਪੂਰਬੀ ਕੋਰ ਵਿਚ ਮਾਊਂਟੇਨ ਡਿਵੀਜ਼ਨ ਦੀ ਅਗਵਾਈ ਵੀ ਕੀਤੀ ਹੈ। ਲੈਫ਼ ਜਨਰਲ ਪਾਂਡੇ ਹੁਣ ਲੈਫ਼ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ ਜੋ ਕਿ ਸੋਮਵਾਰ ਨੂੰ ਸੇਵਾਮੁਕਤ ਹੋ ਗਏ ਹਨ। ਲੈਫ਼ ਜਨਰਲ ਪਾਂਡੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਤੋਂ ਬਾਅਦ ਸਭ ਤੋਂ ਸੀਨੀਅਰ ਫ਼ੌਜੀ ਕਮਾਂਡਰ ਹਨ। -ਪੀਟੀਆਈ